ਪੱਤਰ ਪ੍ਰੇਰਕ : ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਮੰਗਲਵਾਰ ਸਵੇਰੇ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋ ਅਣਪਛਾਤੇ ਬਦਮਾਸ਼ ਸਕੂਟਰ 'ਤੇ ਆਏ ਅਤੇ ਸੁਖਦੇਵ 'ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਘਰ ਸੀ। ਘਟਨਾ ਦੁਪਹਿਰ 1.45 ਵਜੇ ਦੇ ਕਰੀਬ ਵਾਪਰੀ। ਸੁਖਦੇਵ ਸਿੰਘ ਗੋਗਾਮੇਦੀ ਨੂੰ ਤੁਰੰਤ ਨੇੜਲੇ ਮੈਟਰੋ ਮਾਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਹਮਲਾਵਰ ਸੁਖਦੇਵ ਸਿੰਘ ਗੋਗਾਮੇੜੀ ਨੂੰ ਮਿਲਣ ਦੇ ਬਹਾਨੇ ਆਏ ਸਨ। ਹਮਲਾਵਰਾਂ ਨੇ ਬੜੀ ਹੁਸ਼ਿਆਰੀ ਨਾਲ ਕੁਝ ਸਮਾਂ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿਚ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਗੋਗਾਮੇੜੀ ਨੂੰ ਚਾਰ ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਬਦਮਾਸ਼ ਫ਼ਰਾਰ ਹੋ ਗਏ ਪਰ ਉਨ੍ਹਾਂ ਨੇ ਭੱਜਣ ਲਈ ਇੱਕ ਕਾਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਤੇਜ਼ ਰਫ਼ਤਾਰ ਦਿਖਾਉਂਦੇ ਹੋਏ ਕਾਰ ਲੈ ਕੇ ਭੱਜ ਗਿਆ।
ਕਰਾਸ ਫਾਇਰਿੰਗ ਵਿੱਚ ਇੱਕ ਹਮਲਾਵਰ ਦੀ ਮੌਤ
ਸ਼ਿਆਮ ਨਗਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੈਪੁਰ ਪੁਲਿਸ ਨੇ ਦੱਸਿਆ ਕਿ ਤਿੰਨ ਹਮਲਾਵਰਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਕਰਾਸ ਫਾਇਰਿੰਗ ਵਿੱਚ ਨਵੀਨ ਸਿੰਘ ਸ਼ੇਖਾਵਤ ਨਾਮਕ ਹਮਲਾਵਰ ਦੀ ਮੌਤ ਹੋ ਗਈ ਹੈ। ਉਹ ਸ਼ਾਹਪੁਰਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਕਿਹਾ ਕਿ ਅਸੀਂ ਇਸ ਦੇ ਮਾਸਟਰਮਾਈਂਡ ਨੂੰ ਜਲਦੀ ਤੋਂ ਜਲਦੀ ਫੜ ਲਵਾਂਗੇ।


