ਲੇਹ (ਪਾਇਲ): ਬੁੱਧਵਾਰ ਦੇਰ ਰਾਤ ਲੱਦਾਖ ਦੇ ਲੇਹ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.4 ਮਾਪੀ ਗਈ। NCS ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਭੂਚਾਲ ਰਾਤ 11:25 ਵਜੇ (ਭਾਰਤੀ ਸਮੇਂ ਅਨੁਸਾਰ) ਆਇਆ। ਇਸ ਦੀ ਡੂੰਘਾਈ ਜ਼ਮੀਨ ਤੋਂ ਕਰੀਬ 10 ਕਿਲੋਮੀਟਰ ਸੀ, ਜਿਸ ਨੂੰ ਖੋਖਲਾ ਭੂਚਾਲ ਮੰਨਿਆ ਜਾਂਦਾ ਹੈ। ਭੂਚਾਲ ਦਾ ਕੇਂਦਰ ਲੇਹ ਸੀ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਤੜਕੇ ਪਾਕਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਜਿਸ ਦੀ ਤੀਬਰਤਾ 4.8 ਸੀ। NCS ਦੇ ਅਨੁਸਾਰ, ਪਾਕਿਸਤਾਨ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਦਰਜ ਕੀਤਾ ਗਿਆ ਇਹ ਪੰਜਵਾਂ ਭੂਚਾਲ ਸੀ।
ਹਿਮਾਲੀਅਨ ਖੇਤਰ, ਲੱਦਾਖ, ਪਾਕਿਸਤਾਨ ਅਤੇ ਅਫਗਾਨਿਸਤਾਨ ਭੂਚਾਲ ਦੇ ਤੌਰ 'ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਆਉਂਦੇ ਹਨ। ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਦੇ ਟਕਰਾਉਣ ਕਾਰਨ ਸਮੇਂ-ਸਮੇਂ 'ਤੇ ਹਲਕੇ ਤੋਂ ਦਰਮਿਆਨੀ ਤੀਬਰਤਾ ਦੇ ਭੂਚਾਲ ਆਉਂਦੇ ਰਹਿੰਦੇ ਹਨ।
