ਕਪੂਰਥਲਾ (ਇੰਦਰਜੀਤ ਸਿੰਘ) : ਵਰਤਮਾਨ ਸਮੇਂ ਵਿੱਚ ਸ਼ਹਿਰੀਕਰਨ ਦੇ ਚਲੱਦਿਆਂ ਸਾਡੀ ਜੀਵਨਸ਼ੈਲੀ ਵਿੱਚ ਵਿਆਪਕ ਬਦਲਾਅ ਆਇਆ ਜਿਸ ਕਾਰਣ ਸ਼ਰੀਰਕ ਗਤੀਵਿਧੀਆਂ ਵਿੱਚ ਕਮੀ ਦੇ ਚਲੱਦਿਆਂ ਬੀਮਾਰੀਆਂ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਵਿੱਚ ਹੀ ਇੱਕ ਗੰਭੀਰ ਸਮੱਸਿਆ ਹੈ ਡਾਈਬੀਟੀਜ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਸ਼ਵ ਡਾਈਬੀਟੀਜ ਦਿਵਸ ਦੇ ਸੰਬੰਧ ਵਿੱਚ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਕਹੇ।
ਉਨ੍ਹਾਂ ਕਿਹਾ ਕਿ ਰਵਾਇਤੀ ਭੋਜਨ ਤੋਂ ਦੂਰ ਹੋਣਾ, ਸ਼ਹਿਰੀਕਰਨ ਤੇ ਸ਼ਰੀਰਕ ਗਤੀਵਿਧੀਆਂ ਦੀ ਕਮੀ ਇਸ ਬੀਮਾਰੀ ਦੇ ਵੱਧਣ ਦੇ ਮੁੱਖ ਕਾਰਨ ਹਨ।ਡਾ. ਜਸਮੀਤ ਬਾਵਾ ਨੇ ਇਹ ਵੀ ਦੱਸਿਆ ਕਿ ਜਾਗਰੂਕਤਾ ਦੀ ਕਮੀ ਦੇ ਚਲੱਦਿਆਂ ਬਹੁਤ ਸਾਰੇ ਲੋਕ ਇਸ ਬੀਮਾਰੀ ਨਾਲ ਪੀੜਤ ਹੁੰਦੇ ਹਨ ਤੇ ਸਹੀ ਸਮੇਂ ਤੇ ਇਲਾਜ ਨਹੀਂ ਕਰਵਾ ਪੈਂਦੇ। ਉਨ੍ਹਾਂ ਹਾਜਰ ਕਮਿਊਨਿਟੀ ਹੈਲਥ ਅਫਸਰਾਂ ਨੂੰ ਕਿਹਾ ਕਿ ਉਹ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਡਾਈਬੀਟੀਜ ਦੀ ਬੀਮਾਰੀ ਪ੍ਰਤੀ ਜਾਗਰੂਕ ਕਰਨ।
ਡਾਈਬੀਟੀਜ ਪ੍ਰਤੀ ਗਲਤ ਧਾਰਨਾਵਾਂ ਤੋਂ ਬਚਣ ਦੀ ਲੋੜ : ਡਾ. ਰਵਜੀਤ ਸਿੰਘ
ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਰਵਜੀਤ ਸਿੰਘ ਨੇ ਦੱਸਿਆ ਕਿ ਡਾਈਬੀਟੀਜ ਕ੍ਰੋਨਿਕ ਡਿਜੀਜ ਹੈ ਪਰ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾਈਬੀਟੀਜ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਗਲਤ ਧਾਰਨਾਵਾਂ ਪ੍ਰਚਲਿਤ ਹਨ ਜਿਵੇਂ ਕਿ ਘਰੇਲੂ ਇਲਾਜ ਕਰਨਾ ਤੇ ਬਿਨ੍ਹਾਂ ਡਾਕਟਰੀ ਸਲਾਹ ਦੇ ਦਵਾਈ ਬੰਦ ਕਰਨਾ। ਉਨ੍ਹਾਂ ਇਹ ਵੀ ਕਿਹਾ ਕਿ ਮੋਟਾਪਾ, ਤਣਾਅ, ਸੰਤੁਲਤ ਭੋਜਨ ਨਾ ਲੈਣਾ, ਕਸਰਤ ਨਾ ਕਰਨਾ ਡਾਈਬੀਟੀਜ ਦੇ ਮੱਖ ਕਾਰਨ ਹਨ। ਉਨ੍ਹਾਂ ਹਫਤੇ ਵਿੱਚ ੫ ਦਿਨਾਂ ਵਿੱਚ ੧੫੦ ਮਿੰਟ ਦੀ ਕਸਰਤ ਨੂੰ ਡਾਈਬੀਟੀਜ ਤੋਂ ਦੂਰ ਰਹਿਣ ਲਈ ਜਰੂਰੀ ਦੱਸਿਆ।
ਜਾਗਰੂਕ ਹੋਣਾ ਸਮੇਂ ਦੀ ਜਰੂਰਤ : ਡਾ. ਰਾਜ ਕਰਨੀ
ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਕਿਹਾ ਕਿ ਇਸ ਦਿਨ ਨੂੰ ਮਣਾਉਣ ਦਾ ਉਦੇਸ਼ ਲੋਕਾਂ ਨੂੰ ਡਾਈਬੀਟੀਜ ਦੀ ਬੀਮਾਰੀ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਡਾਈਬੀਟੀਜ ਪ੍ਰਤੀ ਵਰਤੀ ਗਈ ਥੋੜੀ ਜਿਹੀ ਲਾਪਰਵਾਹੀ ਹਾਰਟ ਅਟੈਕ, ਅਧਰੰਗ, ਗੁਰਦਿਆਂ ਦੇ ਫੇਲ ਹੋਣ ਅਤੇ ਨਾੜਾਂ ਦੀ ਕਮਜੋਰੀ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਗੈਰ ਸੰਚਾਰੀ ਰੋਗਾਂ ਤੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਹਾਜਰ ਸੀ.ਐਚ.ਓਜ. ਨੂੰ ਕਿਹਾ ਕਿ ਉਹ ਇਸ ਬੀਮਾਰੀ ਦੇ ਕਾਰਣਾਂ, ਲੱਛਣਾਂ ਤੇ ਬਚਾਅ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾਂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਡਾ. ਸੰਦੀਪ ਧਵਨ, ਡਾ. ਰਾਜੀਵ ਭਗਤ,ਡਾ. ਸੁਖਵਿੰਦਰ ਕੌਰ, ਡਾ. ਸ਼ੁਭਰਾ ਸਿੰਘ ਤੋਂ ਇਲਾਵਾ ਹੋਰ ਹਾਜਰ ਸਨ
