ਨਵੀਂ ਦਿੱਲੀ (ਵਿਕਰਮ ਸਹਿਜਪਾਲ) : 7 ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਆਖਰੀ ਗੇੜ ਦੀ ਪੋਲਿੰਗ ਅੱਜ ਦਿਨ ਐਤਵਾਰ ਨੂੰ ਹੋਵੇਗੀ। 59 ਸੀਟਾਂ 'ਤੇ ਪੈਣ ਵਾਲੀਆਂ ਵੋਟਾਂ ਦੇ ਨਾਲ ਹੀ ਪੋਲਿੰਗ ਦਾ ਕੰਮ ਮੁਕੰਮਲ ਹੋ ਗਿਆ ਹੈ। ਵਾਰਾਨਸੀ ਵਿਖੇ ਵੀ 19 ਮਈ ਨੂੰ ਵੋਟਾਂ ਪੈਣਗੀਆਂ। ਇਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਲੜ ਰਹੇ ਹਨ।
ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। 7ਵੇਂ ਗੇੜ ਦੀ ਪੋਲਿੰਗ ਦੌਰਾਨ ਪੰਜਾਬ ਵਿਚ 13, ਉੱਤਰ ਪ੍ਰਦੇਸ਼ ਵਿਚ 13, ਪੱਛਮੀ ਬੰਗਾਲ ਵਿਚ 9, ਬਿਹਾਰ ਤੇ ਮੱਧ ਪ੍ਰਦੇਸ਼ ਵਿਚ 8-8, ਹਿਮਾਚਲ ਵਿਚ 4, ਝਾਰਖੰਡ ਵਿਚ 3 ਅਤੇ ਚੰਡੀਗੜ੍ਹ ਦੀ ਇਕ ਲੋਕ ਸਭਾ ਸੀਟ ਲਈ ਵੋਟਾਂ ਪੈਣਗੀਆਂ। 10.01 ਕਰੋੜ ਤੋਂ ਵੱਧ ਵੋਟਰ ਵੋਟ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ। 918 ਉਮੀਦਵਾਰਾਂ ਦੀ ਚੋਣ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਜਾਏਗੀ।

