ਪਟਨਾ (ਪਾਇਲ) : ਬਿਹਾਰ ਦੇ ਗਯਾਜੀ ਜੰਕਸ਼ਨ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਨੇ ਨੇਤਾਜੀ ਐਕਸਪ੍ਰੈਸ ਦੇ ਜਨਰਲ ਕੋਚ ਤੋਂ 76 ਜ਼ਿੰਦਾ ਕੱਛੂ ਬਰਾਮਦ ਕੀਤੇ ਹਨ।
RPF ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਆਰ.ਪੀ.ਐਫ ਚੌਕੀ ਗਯਾਜੀ ਦੇ ਇੰਸਪੈਕਟਰ ਇੰਚਾਰਜ ਬਨਾਰਸੀ ਯਾਦਵ ਦੀ ਅਗਵਾਈ 'ਚ ਸਟੇਸ਼ਨ ਕੰਪਲੈਕਸ 'ਚ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪਲੇਟਫਾਰਮ ਨੰਬਰ ਤਿੰਨ 'ਤੇ ਖੜੀ ਰੇਲ ਨੰਬਰ 12312 ਡਾਊਨ ਨੇਤਾਜੀ ਐਕਸਪ੍ਰੈਸ ਦੇ ਜਨਰਲ ਕੋਚ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ 4 ਪਿੱਟੂ ਥੈਲੇ ਅਤੇ ਇੱਕ ਥੈਲੇ ਵਿੱਚੋਂ ਕੁੱਲ 76 ਜਿੰਦਾ ਕੱਛੂਕੁੰਮੇ ਬਰਾਮਦ ਹੋਏ। ਇਨ੍ਹਾਂ ਕੱਛੂਆਂ ਦੀ ਅੰਦਾਜ਼ਨ ਕੀਮਤ ਕਰੀਬ 38 ਲੱਖ ਰੁਪਏ ਦੱਸੀ ਜਾ ਰਹੀ ਹੈ। ਆਰਪੀਐਫ ਨੇ ਸਾਰੇ ਕੱਛੂਆਂ ਨੂੰ ਸੁਰੱਖਿਅਤ ਕਾਬੂ ਕਰ ਲਿਆ। ਹਾਲਾਂਕਿ ਤਸਕਰੀ ਵਿੱਚ ਸ਼ਾਮਲ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਇੱਥੇ ਅਣਪਛਾਤੇ ਤਸਕਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰੇਲਵੇ ਪੁਲਿਸ ਅਤੇ ਆਰਪੀਐਫ ਦੀ ਟੀਮ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿੱਚ ਲੱਗੀ ਹੋਈ ਹੈ। ਤਸਕਰਾਂ ਦੀ ਪਛਾਣ ਕਰਨ ਲਈ ਸਟੇਸ਼ਨ ਦੀ ਚਾਰਦੀਵਾਰੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।



