ਜਲੰਧਰ : ਥਾਣਾ ਮਕਸੂਦਾਂ ਦੀ ਪੁਲਿਸ ਨੇ ਜ਼ਿੰਦਾ ਕਾਰਤੂਸ ਤੇ ਦੇਸੀ ਪਿਸਤੌਲ ਸਮੇਤ ਨੌਜਵਾਨ ਨੂੰ ਕਾਬੂ ਕੀਤਾ ਹੈ। ਥਾਣਾ ਮਕਸੂਦਾ ਦੇ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਉਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਇਲਾਕੇ ਵਿਚ ਪੁਲਿਸ ਪਾਰਟੀ ਵੱਲੋਂ ਚੋਣਾਂ ਨੂੰ ਸੁੱਖੀ ਸਾਂਦੀ ਨੇਪਰੇ ਚਾੜ੍ਹਨ ਲਈ ਥਾਣੇਦਾਰ ਰਜਿੰਦਰ ਕੁਮਾਰ ਸ਼ਰਮਾ ਦੀ ਅਗਵਾਈ 'ਚ ਪੁਲਿਸ ਪਾਰਟੀ ਵੱਲੋਂ ਪਿੰਡ ਲਿਧੜਾ ਨਜ਼ਦੀਕ ਗਸ਼ਤ ਕੀਤੀ ਜਾ ਰਹੀ ਸੀ ਤਾਂ ਪਿੰਡ ਨੂਸੀ ਵਾਲੇ ਰਸਤੇ ਤੇ ਨਹਿਰ ਵਾਲੀ ਪੁਲੀ ਦੇ ਕੱਚੇ ਰਸਤੇ 'ਤੇ ਪੈਦਲ ਤੁਰਿਆ ਆਉਂਦਾ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਕੇ ਫਰਾਰ ਹੋਣ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਉਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕੀਤਾ ਗਿਆ।
ਉਸ ਦੀ ਤਲਾਸ਼ੀ ਲਏ ਜਾਣ ਤੇ ਉਸ ਦੀ ਸੱਜੀ ਡੱਬ 'ਚੋਂ ਇਕ ਦੇਸੀ ਪਿਸਤੌਲ ਬਰਾਮਦ ਹੋਈ ਅਤੇ ਜਦ ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਮੈਗਜ਼ੀਨ 'ਚ ਪੰਜ ਜਿੰਦਾ 7.65 ਐਮ ਐਮ ਦੇ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਇਰਸ਼ਾਨ ਸ਼ਰਮਾ ਪੁੱਤਰ ਸੁਸ਼ੀਲ ਸ਼ਰਮਾ ਵਾਸੀ ਮਕਾਨ ਨੰਬਰ- 50, ਕੇਸ਼ਵ ਨਗਰ ,ਥਾਣਾ ਡਵੀਜ਼ਨ 7 ਜਲੰਧਰ ਵਜੋਂ ਹੋਈ ਹੈ।ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਰਸ਼ਾਨ ਸ਼ਰਮਾ ਪੁੱਤਰ ਸੁਸ਼ੀਲ ਸ਼ਰਮਾ ਵਿਰੁੱਧ ਆਰਮ ਐਕਟ ਅਧੀਨ ਕੇਸ ਦਰਜ ਕੀਤਾ ਹੈ l
ਪੁਲਿਸ ਦਾ ਕਹਿਣਾ ਹੈ ਕਿ ਕਾਬੂ ਕੀਤੇ ਗਏ ਨੌਜਵਾਨ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਦੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਸਕੇ ਕਿ ਇਹ ਵਿਅਕਤੀ ਅਸਲਾ ਕਿੱਥੋਂ ਲੈ ਕਿ ਆਇਆ ਹੈ ਤੇ ਉਸ ਨੂੰ ਆਪਣੇ ਕੋਲ ਅਸਲਾ ਰੱਖਣ ਦਾ ਕੀ ਮਕਸਦ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਕਾਬੂ ਕੀਤੇ ਗਏ ਵਿਅਕਤੀ ਇਰਸ਼ਾਨ ਸ਼ਰਮਾ ਕੋਲੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।



