IPL T20 : ਚੇਨਈ ਨੂੰ ਮੁੰਬਈ ਨੇ 46 ਦੌੜਾਂ ਨਾਲ ਹਰਾਇਆ

by mediateam

ਚੇਨਈ (ਵਿਕਰਮ ਸਹਿਜਪਾਲ) : ਰੋਹਿਤ ਦੀ ਕਪਤਾਨੀ ਪਾਰੀ ਅਤੇ ਲਸਿਥ ਮਲਿੰਗਾ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਮੁੰਬਈ ਇੰਡੀਅਨਜ਼ ਨੇ ਸ਼ੁੱਕਰਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਦੀ ਜੇਤੂ ਮੁਹਿੰਮ 'ਤੇ ਰੋਕ ਲਾ ਕੇ 46 ਦੌੜਾਂ ਨਾਲ ਜਿੱਤ ਦਰਜ ਕੀਤੀ ਤੇ ਆਈ. ਪੀ. ਐੱਲ.-2019 ਦੇ ਪਲੇਅ ਆਫ ਵਿਚ ਪਹੁੰਚਣ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ। ਰੋਹਿਤ ਨੇ 48 ਗੇਂਦਾਂ 'ਤੇ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ, ਜਿਹੜਾ ਉਸਦਾ ਆਈ. ਪੀ. ਐੱਲ.-2019 ਵਿਚ ਪਹਿਲਾ ਅਰਧ ਸੈਂਕੜਾ ਹੈ।

ਉਸ ਨੇ ਇਸ ਵਿਚਾਲੇ ਇਰਵਿਨ ਲੂਈਸ (32) ਨਾਲ ਤੀਜੀ ਵਿਕਟ ਲਈ 75 ਦੌੜਾਂ ਜੋੜੀਆਂ ਪਰ ਚੇਨਈ ਦੇ ਗੇਂਦਬਾਜ਼ਾਂ ਖਾਸ ਤੌਰ 'ਤੇ ਸਪਿਨਰਾਂ ਨੇ  ਮੁੰਬਈ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ ਸੀ  ਤੇ ਮੁੰਬਈ 4 ਵਿਕਟਾਂ 'ਤੇ 155 ਦੌੜਾਂ ਹੀ ਬਣਾ ਸਕਿਆ। ਚੇਨਈ ਲਈ ਇਹ ਸਕੋਰ ਵੀ ਪਹਾੜ ਵਰਗਾ ਬਣ ਗਿਆ। ਉਸ ਨੂੰ ਮਹਿੰਦਰ ਸਿੰਘ ਧੋਨੀ ਦੀ ਕਮੀ ਮਹਿਸੂਸ ਹੋਈ। ਉਸ ਵਲੋਂ ਮੁਰਲੀ ਵਿਜੇ (34 ਗੇਂਦਾਂ 'ਤੇ 38 ਦੌੜਾਂ) ਨੇ ਦੂਜੇ ਪਾਸੇ ਤੋਂ ਵਿਕਟਾਂ ਡਿੱਗਣ ਕਾਰਨ ਹੌਲੀ ਬੱਲੇਬਾਜ਼ੀ ਕੀਤੀ।

ਉਸਦੇ ਇਲਾਵਾ ਡਵੇਨ ਬ੍ਰਾਵੋ (20) ਤੇ ਮਿਸ਼ੇਲ ਸੈਂਟਨਰ (22) ਹੀ ਦੋਹਰੇ ਅਕੰੜੇ ਤਕ ਪਹੁੰਚੇ  ਤੇ ਚੇਨਈ ਦੀ ਟੀਮ 17.4 ਓਵਰਾਂ ਵਿਚ 109 ਦੌੜਾਂ 'ਤੇ ਆਲ ਆਊਟ ਹੋ ਗਈ।  ਚੇਨਈ ਦੀ ਚੇਪਕ 'ਤੇ ਇਹ ਸੱਤ ਜਿੱਤਾਂ ਤੋਂ ਬਾਅਦ ਪਹਿਲੀ ਹਾਰ ਹੈ। ਉਸ ਨੇ 22 ਅਪ੍ਰੈਲ 2013 ਤੋਂ ਬਾਅਦ ਆਪਣੇ ਘਰੇਲੂ ਮੈਦਾਨ 'ਤੇ ਦੂਜਾ ਮੈਚ ਗੁਆਇਆ ਹੈ।