ਫਗਵਾੜਾ : ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਡੁਮੇਲੀ ਵਿਖੇ ਬੀਤੀ ਰਾਤ ਭਿਆਨਕ ਘਟਨਾ ਹੋਈ। ਜਿਸ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਵਿਚ ਰਹਿੰਦੇ ਪਰਵਾਸੀ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਆਪਣੀਆਂ ਪੰਜ ਲੜਕੀਆਂ, ਜਿਨ੍ਹਾਂ ਵਿਚੋਂ ਇਕ ਲੜਕੀ ਸਿਰਫ 15 ਦਿਨ ਦੀ ਹੈ ਅਤੇ ਸਭ ਤੋਂ ਵੱਡੀ ਲੜਕੀ 7 ਸਾਲ ਦੀ ਹੈ। ਉਕਤ ਵਿਅਕਤੀ ਦੀ ਪਛਾਣ ਵਿਜੇ ਕੁਮਾਰ ਅਤੇ ਮਿ੍ਤਕ ਅੌਰਤ ਦੀ ਪਛਾਣ ਲਕਸ਼ਮੀ ਪਤਨੀ ਵਿਜੇ ਕੁਮਾਰ ਵਜੋਂ ਹੋਈ ਹੈ। ਪਿੰਡ ਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੇ ਕੁਮਾਰ ਇਕ ਪਰਵਾਸੀ ਮਜ਼ਦੂਰ ਸੀ ਅਤੇ ਪਿੰਡ ਵਿਚ ਦਿਹਾੜੀ 'ਤੇ ਕੰਮ ਕਰਦਾ ਸੀ, ਜਿਸ ਜਗ੍ਹਾ ਉਹ ਰਹਿੰਦਾ ਸੀ, ਉਸਦੇ ਮਾਲਕ ਵਿਦੇਸ਼ ਵਿਚ ਸਨ ਅਤੇ ਵਿਜੇ ਕੁਮਾਰ ਅਤੇ ਉਸ ਦੇ ਪਰਿਵਾਰ ਨੂੰ ਉਹ ਜਗ੍ਹਾ ਦੇਖ-ਰੇਖ ਲਈ ਦਿੱਤੀ ਹੋਈ ਸੀ। ਜਿੱਥੇ ਉਹ ਆਪਣੇ ਪਰਿਵਾਰ ਨਾਲ ਇਕ ਕਮਰੇ ਵਿਚ ਰਹਿੰਦਾ ਸੀ।
ਬੀਤੀ ਰਾਤ ਵਿਜੇ ਕੁਮਾਰ ਦਾ ਉਸਦੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ, ਜਿਸ ਤੋਂ ਬਾਅਦ ਸਵੇਰੇ ਪਤਾ ਲੱਗਾ ਕਿ ਪਿੰਡ ਵਿਚ ਕਤਲ ਹੋ ਗਿਆ ਹੈ। ਉਕਤ ਮੁਲਜ਼ਮ ਮੌਕੇ ਤੋਂ ਫ਼ਰਾਰ ਸੀ। ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਪੁੱਜੇ ਐੱਸਐੱਚਓ ਊਸ਼ਾ ਰਾਣੀ ਨੇ ਦੱਸਿਆ ਕਿ ਉਕਤ ਵਿਅਕਤੀ ਪਰਵਾਸੀ ਮਜ਼ਦੂਰ ਸੀ, ਜੋ ਕਿ ਕਾਫੀ ਲੰਬੇ ਸਮੇਂ ਤੋਂ ਪਿੰਡ ਵਿਚ ਰਹਿ ਰਿਹਾ ਸੀ। ਸ਼ਰਾਬ ਪੀਣ ਦਾ ਆਦੀ ਹੋਣ ਕਾਰਨ ਉਹ ਆਪਣੀ ਪਤਨੀ ਨਾਲ ਲੜਦਾ ਰਹਿੰਦਾ ਸੀ।
ਬੀਤੀ ਰਾਤ ਵੀ ਉਕਤ ਵਿਅਕਤੀ ਦੀ ਆਪਣੀ ਪਤਨੀ ਨਾਲ ਲੜਾਈ ਹੋਈ ਸੀ, ਜਿਸ ਨੂੰ ਪਿੰਡ ਦੇ ਇਕ ਵਿਅਕਤੀ ਨੇ ਆ ਕੇ ਛੁਡਾਇਆ। ਜਿਸ ਤੋਂ ਬਾਅਦ ਮੁਲਜ਼ਮ ਨੇ ਕਿਸੇ ਅਣਪਛਾਤੇ ਹਥਿਆਰ ਨਾਲ ਆਪਣੀ ਪਤਨੀ ਲਕਸ਼ਮੀ ਦਾ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਰੈਫਰ ਕਰਵਾ ਦਿੱਤਾ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਹੈ।



