ਕੈਨੇਡਾ ‘ਚ ਗਲਤ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਘਟੀ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਵਿਚ ਗਲਤ ਤਰੀਕੇ ਨਾਲ ਦਾਖ਼ਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਕਮੀ ਆਈ ਹੈ। ਫ਼ੈਡਰਲ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਿਰਫ਼ ਜੂਨ ਮਹੀਨੇ ਦੌਰਾਨ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ 6707 ਸ਼ਰਨਾਰਥੀਆਂ ਨੇ ਅਮਰੀਕਾ ਤੋਂ ਕੈਨੇਡਾ ਵਿਚ ਕਦਮ ਰੱਖਿਆ ਅਤੇ 2018 ਦੀ ਤੁਲਨਾ ਵਿਚ ਇਹ ਅੰਕੜਾ 38 ਫ਼ੀ ਸਦੀ ਘੱਟ ਹੈ।

RCMP ਦੇ ਅਫ਼ਸਰਾਂ ਨੇ ਮਈ ਮਹੀਨੇ ਦੀ ਤੁਲਨਾ ਵਿਚ ਜੂਨ ਦੌਰਾਨ 371 ਵਧੇਰੇ ਸ਼ਰਨਾਰਥੀਆਂ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਸਮੇਂ ਰੋਕਿਆ। ਇਸੇ ਅੰਕੜੇ ਦੇ ਆਧਾਰ 'ਤੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੂੰ ਲਿਬਰਲ ਸਰਕਾਰ ਵੱਲ ਉਂਗਲ ਚੁੱਕਣ ਦਾ ਮੌਕਾ ਮਿਲ ਗਿਆ। ਕੰਜ਼ਰਵੇਟਿਵ ਪਾਰਟੀ ਦੀ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਆਲੋਚਕ ਮਿਸ਼ੇਲ ਰੈਂਪੈਲ ਨੇ ਕਿਹਾ ਕਿ ਉਨਾਂ ਦੀਆਂ ਨਜ਼ਰਾਂ ਵਿਚ ਨਾਜਾਇਜ਼ ਤਰੀਕੇ ਨਾਲ ਕੈਨੇਡਾ ਵਿਚ ਦਾਖ਼ਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।