ਅਮਰੀਕਾ ’ਚ ਹਵਾਈ ਹਾਦਸਾ: ਭਾਰਤੀ ਮੂਲ ਦੇ ਡਾਕਟਰ ਸਣੇ 2 ਦੀ ਮੌਤ

by vikramsehajpal

ਕੈਲੀਫੋਰਨੀਆ (ਦੇਵ ਇੰਦਰਜੀਤ)- ਅਮਰੀਕਾ ਦੇ ਉਪਨਗਰ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਭਾਰਤੀ ਮੂਲ ਦੇ ਦਿਲ ਰੋਗਾਂ ਦੇ ਮਾਹਰ ਡਾ. ਸੁਗਾਤਾ ਦਾਸ ਸਮੇਤ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਹਾਦਸੇ ਕਾਰਨ ਦੋ ਘਰਾਂ ਨੂੰ ਅੱਗ ਲੱਗ ਗਈ।

ਐਰੀਜ਼ੋਨਾ ਦੇ ਯੁਮਾ ਰੀਜਨਲ ਮੈਡੀਕਲ ਸੈਂਟਰ (ਵਾਈਆਰਐੱਮਸੀ) ਅਨੁਸਾਰ 2 ਇੰਜਣਾਂ ਵਾਲਾ ਜਹਾਜ਼ ਜੋ ਹਾਦਸਾਗ੍ਰਸਤ ਹੋਇਆ ਵਿੱਚ ਡਾ. ਸੁਗਾਤਾ ਦਾਸ ਦਾ ਸੀ। ਸੀਬੀਐਸ-ਐਨਬੀਸੀ ਨਾਲ ਜੁੜੇ ਇੱਕ ਟੀਵੀ ਸਟੇਸ਼ਨ ਨੇ ਕਿਹਾ ਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਦਾਸ ਹਾਦਸੇ ਦੇ ਸਮੇਂ ਜਹਾਜ਼ ਚਲਾ ਰਹੇ ਸਨ ਜਾਂ ਨਹੀਂ। ਵਾਈ.ਆਰ.ਐਮ.ਸੀ. ਦੇ ਮੁੱਖ ਮੈਡੀਕਲ ਅਧਿਕਾਰੀ ਭਰਤ ਮਾਗੂ ਨੇ ਇੱਕ ਬਿਆਨ ਵਿੱਚ ਕਿਹਾ,“ਸਥਾਨਕ ਕਾਰਡੀਓਲੋਜਿਸਟ ਸੁਗਾਤਾ ਦਾਸ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਬਾਰੇ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਹੈ। ਜਹਾਜ਼ ਸੈਂਟੀ (ਕੈਲੀਫੋਰਨੀਆ) ਨੇੜੇ ਹਾਦਸਾਗ੍ਰਸਤ ਹੋ ਗਿਆ।”

ਸੈਂਟੀ ਵਿਚ ਸੈਂਟਾਨਾ ਹਾਈ ਸਕੂਲ ਦੇ ਕੋਲ ਹੋਏ ਹਾਦਸੇ ਤੋਂ ਬਾਅਦ, ਅੱਗ ਨੇ 2 ਘਰਾਂ ਨੂੰ ਤਬਾਹ ਕਰ ਦਿੱਤਾ ਅਤੇ 5 ਹੋਰ ਘਰਾਂ ਅਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਹਾਲਾਂਕਿ, ਇਸ ਤੋਂ ਪਹਿਲਾਂ ਕਿ ਅੱਗ ਹੋਰ ਘਰਾਂ ਵਿੱਚ ਫੈਲਦੀ, ਫਾਇਰਫਾਈਟਰਜ਼ ਨੇ ਅੱਗ 'ਤੇ ਕਾਬੂ ਪਾ ਲਿਆ। ਹਾਦਸੇ ਵਿੱਚ ਮਾਰੇ ਗਏ ਦੂਜੇ ਵਿਅਕਤੀ ਇੱਕ ਯੂਪੀਐਸ ਕਰਮਚਾਰੀ ਸੀ ਜੋ ਘਟਨਾ ਦੇ ਸਮੇਂ ਜ਼ਮੀਨ ਤੇ ਕੰਮ ਕਰ ਰਿਹਾ ਸੀ।