ਪੈਸਟੀਸਾਈਡ ਵਪਾਰੀ ਦੇ ਅਗਵਾ ਤੇ ਕਤਲ ਦੇ ਮਾਮਲੇ ‘ਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕੀਤਾ ਗਿ੍ਫਤਾਰ

by

ਜਲਾਲਾਬਾਦ : ਗੁਰੂਹਰਸਹਾਏ ਦੇ ਪਿੰਡ ਪੰਜੇਕੇ ਦੇ ਰਹਿਣ ਵਾਲੇ ਪੈਸਟੀਸਾਈਡ ਵਪਾਰੀ ਸੁਮਨ ਮੁਟਨੇਜਾ ਦੇ ਅਗਵਾ ਤੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ। ਪੁਲਿਸ ਨੇ ਮੁੱਖ ਮੁਲਜ਼ਮ ਅਮਨਦੀਪ ਸਿੰਘ ਤੋਂ ਰਿਵਾਲਵਰ ਵੀ ਬਰਾਮਦ ਕੀਤਾ ਹੈ।ਛਾਪੇਮਾਰੀ ਦੌਰਾਨ ਸਭ ਤੋਂ ਪਹਿਲਾਂ ਪੁਲਿਸ ਨੇ ਮਾਸਟਰਮਾਈਂਡ ਜਲਾਲਾਬਾਦ ਦੀ ਨਵੀਂ ਕਾਲੋਨੀ ਮੰਨੇਵਾਲਾ ਰੋਡ ਵਾਸੀ ਅਮਨਦੀਪ ਸਿੰਘ ਉਰਫ ਸੰਨੀ ਨੂੰ ਸੋਮਵਾਰ ਉਸ ਦੇ ਘਰੋਂ ਕਾਬੂ ਕੀਤਾ। ਫਿਰ ਉਸ ਦੀ ਨਿਸ਼ਾਨਦੇਹੀ 'ਤੇ ਬਾਕੀ ਤਿੰਨ ਸਾਥੀਆਂ ਨੂੰ ਵੱਖ-ਵੱਖ ਟਿਕਾਣਿਆਂ ਤੋਂ ਗਿ੍ਫਤਾਰ ਕੀਤਾ ਗਿਆ, ਇਸ ਮਾਮਲੇ 'ਚ ਅਜੇ ਦੋ ਮੁਲਜ਼ਮ ਫਰਾਰ ਹਨ।

ਜ਼ਿਕਰਯੋਗ ਹੈ ਕਿ 20 ਅਪ੍ਰਰੈਲ ਨੂੰ ਸੁਮਨ ਮੁਟਨੇਜਾ ਦੀ ਲਾਸ਼ ਪਿੰਡ ਬੰਦੀਵਾਲਾ ਦੇ ਪੁਲ ਕੋਲ ਗੰਗ ਕੈਨਾਲ ਨਹਿਰ 'ਚੋਂ ਮਿਲੀ ਸੀ।ਸੋਮਵਾਰ ਨੂੰ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਫਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਤੇ ਐੱਸਐੱਸਪੀ ਫਾਜ਼ਿਲਕਾ ਦੀਪਕ ਹਿਲੋਰੀ ਨੇ ਪ੍ਰਰੈੱਸ ਕਾਨਫਰੰਸ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਨੇ ਮੁਟਨੇਜਾ ਦੇ ਚਾਰ ਲੱਖ ਰੁਪਏ ਦੇਣੇ ਸਨ। ਉਨ੍ਹਾਂ ਦੱਸਿਆ ਕਿ ਦਸਮੇਸ਼ ਨਗਰ ਗਲੀ ਨੰਬਰ 5 ਵਾਸੀ ਦਵਿੰਦਰ ਉਰਫ ਦੀਪੂ, ਜਮਾਲਗੜ੍ਹ ਛੀਬਿਆਂ ਵਾਲਾ ਵਾਸੀ ਪ੍ਰਗਟ ਸਿੰਘ ਉਰਫ ਪਿੰਕੀ, ਮਤੀਦਾਸ ਕਾਲੋਨੀ ਵਾਸੀ ਸੁਖਪਾਲ ਸਿੰਘ ਉਰਫ ਪਾਲਾ, ਰਾਜਸਥਾਨ ਦੇ ਪਦਮਪੁਰ ਵਾਰਡ ਨੰਬਰ 'ਚ ਰਹਿਣ ਵਾਲਾ ਸਤਨਾਮ ਸਿੰਘ ਉਰਫ ਮੱਕੜ, ਰਾਜਸਥਾਨ ਦੇ ਪਿੰਡ ਚਾਨਣ ਧਾਮ ਵਾਸੀ ਗੰਗਾ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਛੀਨਾ ਨੇ ਦੱਸਿਆ ਕਿ ਅਮਨਦੀਪ ਸਿੰਘ ਉਰਫ ਸੰਨੀ, ਦਵਿੰਦਰ ਸਿੰਘ ਉਰਫ ਦੀਪੂ ਤੇ ਪ੍ਰਗਟ ਸਿੰਘ ਉਰਫ ਪਿੰਕੀ, ਸੁਖਪਾਲ ਸਿੰਘ ਉਰਫ ਪਾਲਾ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ। ਇਨ੍ਹਾਂ 'ਚੋਂ ਅਮਨਦੀਪ ਸਿੰਘ ਤੋਂ ਇਕ ਰਿਵਾਲਵਰ ਬਰਾਮਦ ਹੋਇਆ ਹੈ। ਅਮਨਦੀਪ ਹੀ ਇਸ ਕਾਂਡ ਦਾ ਮਾਸਟਰਮਾਈਂਡ ਹੈ। ਪੁੱਛਗਿੱਛ ਵਿਚ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਸਾਰੇ ਮਾਮਲੇ ਦੀ ਪਲਾਨਿੰਗ ਕੀਤੀ ਸੀ। ਪਲਾਨਿੰਗ ਮੁਤਾਬਕ ਉਸ ਨੇ ਆਪਣੀ ਸਵਿਫਟ ਡਿਜ਼ਾਇਰ ਕਾਰ ਫਿਰੋਜ਼ਪੁਰ ਰੋਡ 'ਤੇ ਲੱਕੜ ਦੇ ਆਰੇ ਨੇੜੇ ਖੜ੍ਹੀ ਕੀਤੀ ਸੀ ਤੇ ਕਾਰ ਦਾ ਬੋਨਟ ਚੁੱਕ ਦਿੱਤਾ ਸੀ ਤਾਂ ਜੋ ਰਾਹਗੀਰਾਂ ਨੂੰ ਲੱਗੇ ਕਿ ਕਾਰ ਖਰਾਬ ਹੈ।ਸੁਮਨ ਮੁਟਨੇਜਾ ਆਪਣੀ ਕਾਰ ਆਈ ਟਵੰਟੀ ਰਾਹੀਂ ਜਦ ਉਥੋਂ ਲੰਘਣ ਲੱਗਾ ਤਾਂ ਅਮਨਦੀਪ ਨੇ ਹੱਥ ਦੇ ਕੇ ਉਸ ਨੂੰ ਰੋਕ ਲਿਆ, ਜਿਸ ਤੋਂ ਬਾਅਦ ਬਾਕੀ ਮੁਲਜ਼ਮ ਵੀ ਧੱਕੇ ਨਾਲ ਉਸ ਦੀ ਕਾਰ ਵਿਚ ਬੈਠ ਗਏ। ਪਲਾਨਿੰਗ ਮੁਤਾਬਕ ਉਨ੍ਹਾਂ ਨੇ ਕੁਝ ਘੰਟੇ ਬਾਅਦ ਮੁਟਨੇਜਾ ਨੂੰ ਹੱਥ-ਪੈਰ ਬੰਨ੍ਹ ਕੇ ਗੰਗ ਕੈਨਾਲ 'ਚ ਸੁੱਟ ਦਿੱਤਾ।

ਇਸ ਉਪਰੰਤ ਉਹ ਰਾਜਸਥਾਨ ਚਲੇ ਗਏ ਤੇ ਵੱਖ-ਵੱਖ ਮੋਬਾਈਲਾਂ ਰਾਹੀਂ ਫਿਰੌਤੀ ਮੰਗਣ ਲੱਗ ਪਏ।ਕਤਲਕਾਂਡ ਦੇ ਮਾਸਟਰ ਮਾਈਂਡ ਅਮਨਦੀਪ ਸਿੰਘ 'ਤੇ ਪਹਿਲਾਂ ਵੀ ਕਈ ਥਾਣਿਆਂ 'ਚ ਮਾਮਲੇ ਦਰਜ ਹਨ। 2015 'ਚ ਨਗਰ ਥਾਣਾ ਜਲਾਲਾਬਾਦ 'ਚ ਧਾਰਾ 420, 506, 120-ਬੀ, ਸਾਲ 2017 'ਚ ਸਦਰ ਥਾਣਾ ਜਲਾਲਾਬਾਦ ਵਿਚ ਐੱਨਡੀਪੀਐੱਸ ਐਕਟ ਤੇ ਸਾਲ 2017 'ਚ ਥਾਣਾ ਗੁਰੂਹਰਸਹਾਏ ਤੇ ਜ਼ਿਲ੍ਹਾ ਫਿਰੋਜ਼ਪੁਰ ਵਿਚ 420, 120-ਬੀ, 201 ਤਹਿਤ ਮਾਮਲੇ ਦਰਜ ਹੋਏ ਹਨ। ਇਸ ਦੇ ਇਲਾਵਾ ਮਾਮਲੇ 'ਚ ਨਾਮਜ਼ਦ ਮੁਲਜ਼ਮ ਪ੍ਰਗਟ ਸਿੰਘ 'ਤੇ ਸਾਲ 2010 ਵਿਚ ਧਾਰਾ 356, 323, 148, 149 ਤਹਿਤ ਮਾਮਲਾ ਦਰਜ ਹੈ।

More News

NRI Post
..
NRI Post
..
NRI Post
..