ਜਲੰਧਰ : ਚੌਲਾਂਗ ਰੇਲਵੇ ਸਟੇਸ਼ਨ (ਹੁਸ਼ਿਆਰਪੁਰ) ਸਥਿਤ ਪੁਲਿਸ ਚੌਕੀ 'ਚ ਰਾਖੇ ਹੀ ਭੇੜੀਏ ਬਣ ਗਏ। ਵੀਰਵਾਰ ਸਵੇਰੇ ਇੱਥੇ ਹੋਮਗਾਰਡ ਦੇ ਦੋ ਜਵਾਨਾਂ ਨੇ 16 ਸਾਲ ਦੀ ਨਾਬਾਲਿਗ ਕੁੜੀ ਨਾਲ ਜਬਰ ਜਨਾਹ ਕੀਤਾ। ਕੁੜੀ ਬੁੱਧਵਾਰ ਨੂੰ ਆਪਣੇ ਚਾਚੇ ਦੇ ਘਰ ਆਈ ਸੀ ਤੇ ਸਵੇਰੇ ਛੇ ਵਜੇ ਵਾਪਸ ਘਰ ਜਾਣ ਲਈ ਰੇਲਵੇ ਸਟੇਸ਼ਨ 'ਤੇ ਚਾਚੇ ਨਾਲ ਪਹੁੰਚੀ ਸੀ। ਉਸ ਦੇ ਚਾਚੇ ਦੇ ਸਿਰ 'ਚ ਦਰਦ ਹੋਣ ਤੇ ਉਹ ਬੈਂਚ 'ਤੇ ਲੇਟ ਗਿਆ। ਇਸ 'ਤੇ ਕੁੜੀ ਉਸ ਦਾ ਸਿਰ ਦਬਾਉਣ ਲੱਗੀ। ਇਸ ਵਿਚਕਾਰ ਹੋਮਗਾਰਡ ਦੇ ਤਿੰਨ ਜਵਾਨ ਉੱਥੇ ਪਹੁੰਚੇ ਤੇ ਦੋਵਾਂ ਤੋਂ ਪੁੱਛਗਿੱਛ ਕਰਨ ਲੱਗੇ।
ਦੋਸ਼ ਹੈ ਕਿ ਇਕ ਜਵਾਨ ਉੱਥੋਂ ਚੱਲਾ ਗਿਆ ਜਦਕਿ ਧਰਮਪਾਲ ਤੇ ਦਿਲਬਾਗ ਸਿੰਘ ਨੇ ਕੁੜੀ ਦੇ ਚਾਚੇ ਨੂੰ ਧਮਕਾ ਕੇ ਮੌਕੇ ਤੋਂ ਭਜਾ ਦਿੱਤਾ। ਫਿਰ ਉਹ ਨਾਬਾਲਿਗ ਲੜਕੀ ਨੂੰ ਚੌਕੀ 'ਚ ਲੈ ਗਏ। ਦਰਵਾਜ਼ਾ ਤੇ ਖਿੜਕੀਆਂ ਬੰਦ ਕਰ ਚੌਕੀ ਅੰਦਰ ਉਸ ਨਾਲ ਜਬਰ ਜਨਾਹ ਕੀਤਾ। ਕੁੜੀ ਦੇ ਚਾਚੇ ਨੂੰ ਜਵਾਨਾਂ ਦੀਆਂ ਨੀਅਤਾਂ 'ਤੇ ਸ਼ੱਕ ਸੀ, ਇਸ ਲਈ ਉਹ ਘਰ ਨਹੀਂ ਗਿਆ ਤੇ ਰੇਲਵੇ ਸਟੇਸ਼ਨ ਦੇ ਕੋਲ ਘੁੰਮਦਾ ਰਿਹਾ।
ਕੁੜੀ ਨੇ ਚੌਕੀ ਦੇ ਬਾਹਰ ਆ ਕੇ ਚਾਚੇ ਨੂੰ ਦੋਵਾਂ ਦੀ ਕਰਤੂਤ ਬਾਰੇ ਦੱਸਿਆ ਜਿਸ ਤੋਂ ਬਾਅਦ ਉਸ ਨੇ ਰੌਲਾ ਪਾ ਦਿੱਤਾ। ਲੋਕਾਂ ਨੂੰ ਜਦੋਂ ਪੂਰੀ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ ਇਕ ਜਵਾਨ ਦੀ ਕੁੱਟਮਾਰ ਕੀਤੀ। ਉਨ੍ਹਾਂ ਦਾ ਦੋਸ਼ ਹੈ ਕਿ ਦੋਵਾਂ ਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਡੀਐੱਸਪੀ ਜੀਆਰਪੀ, ਜਲੰਧਰ ਸੁਰਿੰਦਰ ਕੁਮਾਰ ਮੁਤਾਬਿਕ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸਾਮੂਹਿਕ ਜਬਰ ਜਨਾਹ ਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਕੁੜੀ ਦਾ ਸਿਵਲ ਹਸਪਤਾਲ, ਜਲੰਧਰ 'ਚ ਮੈਡੀਕਲ ਕਰਵਾਇਆ ਜਾ ਰਿਹਾ ਹੈ।



