ਐੱਨਆਈਏ ਵੱਲੋਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਛਾਪੇ

by vikramsehajpal

ਅੰਮ੍ਰਿਤਸਰ/ਗੁਰਦਾਸਪੁਰ (ਦੇਵ ਇੰਦਰਜੀਤ)- ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਛਾਪੇ ਮਾਰ ਕੇ ਲੋਹਾਰਕਾ ਰੋਡ ਦੇ ਇੱਕ ਘਰ ’ਚੋਂ 20 ਲੱਖ ਰੁਪਏ ਅਤੇ 9 ਐੱਮਐੱਮ ਪਿਸਤੌਲ ਦੇ 130 ਕਾਰਤੂਸ ਬਰਾਮਦ ਕੀਤੇ। ਜਾਂਚ ਏਜੰਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐੱਨਆਈਏ ਵੱਲੋਂ ਇਹ ਛਾਪੇ ਪਾਕਿਸਤਾਨ ਅਧਾਰਤ ਅਤਿਵਾਦੀ ਗੁੱਟ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਿਤ ਨਸ਼ਾ-ਅਤਿਵਾਦ ਦੇ ਕੇਸ ਤਹਿਤ ਮਾਰੇ ਗਏ।

ਅੰਮ੍ਰਿਤਸਰ ਵਿਚਲਾ ਘਰ ਮਨਪ੍ਰੀਤ ਸਿੰਘ ਨਾਮੀ ਇੱਕ ਵਿਅਕਤੀ ਦਾ ਹੈ, ਜੋ ਬਟਾਲਾ ਦੇ ਪਿੰਡ ਕਾਲਾ ਅਫਗਾਨਾ ਦਾ ਵਾਸੀ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਉਸ ਨੇ ਇੱਥੇ ਇਹ ਮਕਾਨ ਖਰੀਦਿਆ ਹੈ। ਐੱਨਆਈਏ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਇਹ ਵਿਅਕਤੀ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਅਤੇ ਇਕਬਾਲ ਸਿੰਘ ਉਰਫ ਸ਼ੇਰਾ ਦਾ ਸਾਥੀ ਹੈ। ਚੀਤਾ ਅਤੇ ਸ਼ੇਰਾ ਦਾ ਸਬੰਧ ਕਸ਼ਮੀਰ ਵਿੱਚ ਅਤਿਵਾਦੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨਾਲ ਵੀ ਸੀ। ਇਸ ਮਾਮਲੇ ਦਾ ਖੁਲਾਸਾ ਅਪਰੈਲ 2020 ਵਿੱਚ ਉਸ ਵੇਲੇ ਹੋਇਆ ਸੀ, ਜਦੋਂ ਅੰਮ੍ਰਿਤਸਰ ਪੁਲੀਸ ਨੇ ਇਸੇ ਜਥੇਬੰਦੀ ਦੇ ਕਾਰਕੁਨ ਹਿਲਾਲ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਕੋਲੋਂ 29 ਲੱਖ ਰੁਪਏ ਅਤੇ ਇੱਕ ਟਰੱਕ ਬਰਾਮਦ ਕੀਤਾ ਗਿਆ ਸੀ। ਮਗਰੋਂ ਇਹ ਮਾਮਲਾ ਐੱਨਆਈਏ ਨੂੰ ਸੌਂਪ ਦਿੱਤਾ ਗਿਆ ਸੀ।

ਐੱਨਆਈਏ ਦੇ ਅਧਿਕਾਰੀਆਂ ਅਨੁਸਾਰ ਮਨਪ੍ਰੀਤ ਹਵਾਲਾ ਅਪਰੇਟਰ ਹੈ, ਜੋ ਤਸਕਰੀ ਰਾਹੀਂ ਆਏ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਅਗਾਂਹ ਪਹੁੰਚਾਉਂਦਾ ਹੈ। ਇਹ ਕੰਮ ਉਹ ਚੀਤਾ ਅਤੇ ਸ਼ੇਰਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਦਾ ਹੈ। ਟੀਮ ਨੇ ਇੱਕ ਕਾਰ, ਇੱਕ ਦੋਪਹੀਆ ਵਾਹਨ ਅਤੇ ਜਾਇਦਾਦ ਦੇ ਦਸਤਾਵੇਜ਼ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।