ਜੇਲ੍ਹ ਵਿਚ ਕਤਲ ਹੋਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਲਾਸ਼ ਦਾ ਪੋਸਟਮਾਰਟਮ

by

ਪਟਿਆਲਾ : ਨਾਭਾ ਦੀ ਨਵੀਂ ਜੇਲ੍ਹ ਵਿਚ ਕਤਲ ਹੋਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਲਾਸ਼ ਦਾ ਅੱਜ ਸਵੇਰੇ ਪੋਸਟਮਾਰਟਮ ਕੀਤਾ ਗਿਆ। ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ। ਨਾਭਾ ਪੁੱਜੇ ਬਿੱਟੂ ਦੇ ਲੜਕੇ ਅਮਰਿੰਦਰ ਪਾਲ ਅਤੇ ਹੋਰ ਰਿਸ਼ਤੇਦਾਰ ਬਟੋਰੀ ਦੇਣ ਨੂੰ ਲੈ ਕੇ ਕੋਟਕਪੂਰੇ ਲਈ ਰਵਾਨਾ ਹੋ ਗਏ। ਦੂਸਰੇ ਪਾਸੇ ਨਾਭਾ ਜੇਲ੍ਹ ਅਤੇ ਸ਼ਹਿਰ ਵਿਚਲੇ ਨਾਮ ਚਰਚਾ ਘਰ ਦੇ ਆਲੇ-ਦੁਆਲੇ ਹਾਲੇ ਵੀ ਸੁਰੱਖਿਆ ਪ੍ਰਬੰਧ ਪੁਖ਼ਤਾ ਕੀਤੇ ਗਏ ਹੋਏ ਹਨ।ਜਾਣਕਾਰੀ ਅਨੁਸਾਰ ਜੇਲ੍ਹ ਵਿਚ ਬਿੱਟੂ ਦੇ ਕਤਲ ਤੋਂ ਬਾਅਦ ਪੂਰੀ ਰਾਤ ਏਡੀਸੀਪੀ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਦੇ ਆਉਣ- ਜਾਣ ਦਾ ਸਿਲਸਿਲਾ ਜਾਰੀ ਰਿਹਾ। ਰਾਤੋਂ-ਰਾਤ ਬਿੱਟੂ ਦੇ ਪਰਿਵਾਰ ਨੂੰ ਨਾਭਾ ਬੁਲਾ ਕੇ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਕਰਦਿਆਂ ਸਵੇਰੇ ਕਰੀਬ ਤਿੰਨ ਵਜੇ ਪੋਸਟਮਾਰਟਮ ਸ਼ੁਰੂ ਕੀਤਾ ਗਿਆ। ਡਿਊਟੀ ਮੈਜਿਸਟਰੇਟ ਦੀ ਨਿਗਰਾਨੀ ਹੇਠ ਤਿੰਨ ਡਾਕਟਰਾਂ ਦੇ ਪੈਨਲ ਵੱਲੋਂ ਕਰੀਬ ਇਕ ਘੰਟੇ ਤਕ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਜਿਸ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ। 

ਪੋਸਟਮਾਰਟਮ ਤੋਂ ਤੁਰੰਤ ਬਾਅਦ ਸਾਢੇ ਚਾਰ ਵਜੇ ਬਿੱਟੂ ਦਾ ਪਰਿਵਾਰ ਉਸ ਦੀ ਦੇਹ ਲੈ ਕੇ ਕੋਟਕਪੂਰੇ ਰਵਾਨਾ ਹੋ ਗਿਆ।ਨਾਭਾ ਜੇਲ੍ਹ ਵਿੱਚ ਪੁੱਜੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਡਿਊਟੀ ਮੈਜਿਸਟਰੇਟ ਅਤੇ ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।ਦੂਸਰੇ ਪਾਸੇ ਜੇਲ੍ਹ ਵਿਚ ਹੋਈ ਇਸ ਵੱਡੀ ਵਾਰਦਾਤ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਜਿੱਥੇ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਗਏ ਹਨ ਉੱਥੇ ਹੀ ਬਰਗਾੜੀ ਕਾਂਡ ਵਿਚ ਨਾਮਜ਼ਦ ਬਿੱਟੂ ਦੇ ਕਤਲ ਨੂੰ ਸਾਜ਼ਿਸ਼ ਦਾ ਹਿੱਸਾ ਦੱਸਦਿਆਂ ਨਵੀਂ ਚਰਚਾ ਛੇੜ ਦਿੱਤੀ ਹੈ।

ਬਿੱਟੂ ਦੇ ਲੜਕੇ ਅਮਰਿੰਦਰ ਪਾਲ ਨੇ ਦੱਸਿਆ ਕਿ ਕਰੀਬ ਦੋ-ਤਿੰਨ ਮਹੀਨੇ ਪਹਿਲਾਂ ਏਡੀਜੀਪੀ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਪੱਤਰ ਭੇਜ ਕੇ ਬਿੱਟੂ ਦੀ ਜਾਨ ਨੂੰ ਖ਼ਤਰਾ ਹੋਣ ਦੀ ਸੂਚਨਾ ਦਿੱਤੀ ਗਈ ਸੀ ਪਰ ਫਿਰ ਵੀ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਤੀਜਾ ਅੱਜ ਸਾਹਮਣੇ ਆ ਗਿਆ ਹੈ। ਅਮਰਿੰਦਰ ਨੇ ਦੱਸਿਆ ਕਿ ਬਿੱਟੂ ਨੂੰ ਨਵੀਂ ਜੇਲ੍ਹ ਵਿਚ ਵੱਖਰਾ ਬੈਰਕ ਦਿੱਤਾ ਗਿਆ ਸੀ ਜਿਸ ਦੇ ਅੱਗੇ ਸੁਰੱਖਿਆ ਮੁਲਾਜ਼ਮ ਵੀ ਮੌਜੂਦ ਰਹਿੰਦੇ ਸਨ ਪਰ ਬੀਤੇ ਦਿਨ ਪ੍ਰਸ਼ਾਸਨ ਜੇਲ੍ਹ ਵਿਚਲੀ ਸੁਰੱਖਿਆ ਦੇ ਹੁੰਦੇ ਹੋਇਆਂ ਵੀ ਕਤਲ ਹੋਣਾ ਵੱਡੀ ਸਾਜ਼ਿਸ਼ ਦਾ ਹਿੱਸਾ ਹੈ।

More News

NRI Post
..
NRI Post
..
NRI Post
..