Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ

by nripost

ਜਲੰਧਰ (ਰਾਘਵ): ਭਿਆਨਕ ਗਰਮੀ ਵਿਚ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਚੁੱਕਾ ਹੈ, ਅਜਿਹੇ ਸਮੇਂ ਵਿਚ ਜਲੰਧਰ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਮੁੱਢਲੀਆਂ ਸਹੂਲਤਾਂ ਦੀ ਘਾਟ ਨੇ ਬਿਨੈਕਾਰਾਂ ਦੀ ਪ੍ਰੇਸ਼ਾਨੀ ਨੂੰ ਕਈ ਗੁਣਾ ਵਧਾ ਦਿੱਤਾ ਹੈ। ਸੈਂਟਰ ਵਿਚ ਪੱਖੇ, ਠੰਡਾ ਪਾਣੀ, ਬਿਜਲੀ ਅਤੇ ਜਨਰੇਟਰ ਵਰਗੀਆਂ ਜ਼ਰੂਰੀ ਵਿਵਸਥਾਵਾਂ ਦੀ ਅਣਉਪਲੱਬਧਤਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਨਾਰਾਜ਼ਗੀ ਹੈ। 'ਜਗ ਬਾਣੀ' ਵੱਲੋਂ ਇਸ ਗੰਭੀਰ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਨ ਤੋਂ ਬਾਅਦ ਆਖਿਰਕਾਰ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਬੁੱਧਵਾਰ ਰਿਜਨਲ ਟਰਾਂਸਪੋਰਟ ਆਫਿਸਰ (ਆਰ. ਟੀ. ਓ.) ਅਮਨਪਾਲ ਸਿੰਘ ਨੇ ਸੈਂਟਰ ਦਾ ਦੋਬਾਰਾ ਦੌਰਾ ਕੀਤਾ। ਉਨ੍ਹਾਂ ਨਾਲ ਏ. ਆਰ. ਟੀ. ਓ. ਵਿਸ਼ਾਲ ਗੋਇਲ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਬਿਨੈਕਾਰਾਂ ਦੀਆਂ ਸ਼ਿਕਾਇਤਾਂ ਨੂੰ ਧਿਆਨਪੂਰਵਕ ਸੁਣਿਆ ਅਤੇ ਕਈ ਜ਼ਰੂਰੀ ਨਿਰਦੇਸ਼ ਵੀ ਦਿੱਤੇ।

ਆਰ. ਟੀ. ਓ. ਨੇ ਦੌਰੇ ਦੌਰਾਨ ਇਸ ਸ਼ੈੱਡ ਦਾ ਮੁਆਇਨਾ ਕੀਤਾ ਅਤੇ ਜਲਦੀ ਨਵੇਂ ਪੱਖੇ ਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਗਰਮੀ ਦੇ ਮੌਸਮ ਵਿਚ ਲੋਕਾਂ ਨੂੰ ਬੇਸਿਕ ਸਹੂਲਤਾਂ ਦੇਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਸੈਂਟਰ ਵਿਚ ਲੱਗੇ ਵਾਟਰ ਕੂਲਰ ਅਤੇ ਜਨਰੇਟਰ ਜੋਕਿ ਕਾਫ਼ੀ ਸਮੇਂ ਤੋਂ ਖ਼ਰਾਬ ਪਏ ਹਨ, ਇਸ ਕਾਰਨ ਨਾ ਤਾਂ ਠੰਡਾ ਪਾਣੀ ਮਿਲ ਰਿਹਾ ਹੈ ਅਤੇ ਨਾ ਹੀ ਬਿਜਲੀ ਜਾਣ ’ਤੇ ਬੈਕਅਪ ਦੀ ਕੋਈ ਵਿਵਸਥਾ ਹੈ। ਇਸ ’ਤੇ ਆਰ. ਟੀ. ਓ. ਨੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਐਸਟੀਮੇਟ ਮੰਗਵਾਉਣ ਦੇ ਹੁਕਮ ਦਿੱਤੇ। ਆਰ. ਟੀ. ਓ. ਨੇ ਆਪਣੇ ਦੌਰੇ ਵਿਚ ਇਕ ਅਹਿਮ ਪਹਿਲੂ ’ਤੇ ਵੀ ਧਿਆਨ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਬਕਾ ਆਰ. ਟੀ. ਓ. ਬਲਬੀਰ ਰਾਜ ਸਿੰਘ ਵੱਲੋਂ ਲਾਗੂ ਕੀਤੀ ਗਈ ਪ੍ਰਸ਼ਾਸਨਿਕ ਸੁਧਾਰਾਂ ਦੀ ਨੀਤੀ ਨੂੰ ਜਿਉਂ ਦੀ ਤਿਉਂ ਲਾਗੂ ਰੱਖਿਆ ਜਾਵੇਗਾ।

ਹਾਲਾਂਕਿ ਆਰ. ਟੀ. ਓ. ਦਾ ਦੌਰਾ ਵਿਵਸਥਾਵਾਂ ਵਿਚ ਸੁਧਾਰ ਲਿਆਉਣ ਦੀ ਦਿਸ਼ਾ ਵਿਚ ਇਕ ਸਾਕਾਰਾਤਮਕ ਕਦਮ ਸੀ ਪਰ ਇਸ ਦੌਰਾਨ ਪਿਛਲੇ ਕਈ ਦਿਨਾਂ ਤੋਂ ਸਰਵਰ ਵਿਚ ਆ ਰਹੀ ਦਿੱਕਤ ਇਕ ਵਾਰ ਫਿਰ ਸਾਹਮਣੇ ਆਈ। ਆਰ. ਟੀ. ਓ. ਦੀ ਮੌਜੂਦਗੀ ਵਿਚ ਹੀ ਸੈਂਟਰ ਦਾ ਸਰਵਰ ਅਚਾਨਕ ਬੰਦ ਹੋ ਗਿਆ, ਜਿਸ ਨਾਲ ਕੰਮਕਾਜ ਠੱਪ ਹੋ ਗਿਆ ਅਤੇ ਬਿਨੈਕਾਰਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਮਨਦੀਪ ਸਿੰਘ, ਜੋ ਸਵੇਰੇ 10 ਵਜੇ ਤੋਂ ਸੈਂਟਰ ਵਿਚ ਮੌਜੂਦ ਸਨ, ਨੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਇੰਨੀ ਗਰਮੀ ਵਿਚ ਉਡੀਕ ਕਰਦੇ ਹੋਏ ਅੱਧਾ ਦਿਨ ਬੀਤ ਗਿਆ ਅਤੇ ਹੁਣ ਸਰਵਰ ਵੀ ਬੰਦ ਹੋ ਗਿਆ। ਨਾ ਤਾਂ ਕੋਈ ਜਾਣਕਾਰੀ ਦੇ ਰਿਹਾ ਹੈ ਅਤੇ ਨਾ ਕੋਈ ਹੱਲ। ਇਸ ਸਬੰਧੀ ਆਰ. ਟੀ. ਓ. ਅਮਨਪਾਲ ਸਿੰਘ ਨੇ ਦੱਸਿਆ ਕਿ ਇਹ ਸਰਵਰ ਸਮੱਸਿਆ ਤਕਨੀਕੀ ਹੈ, ਜਿਸ ਨੂੰ ਲੋਕਲ ਲੈਵਲ ’ਤੇ ਠੀਕ ਕਰਨ ਲਈ ਕੋਈ ਵਿਵਸਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਵਰ ਦੀ ਦਿੱਕਤ ਸਿਰਫ਼ ਜਲੰਧਰ ਹੀ ਨਹੀਂ, ਸਗੋਂ ਪੂਰੇ ਸੂਬੇ ਵਿਚ ਸਥਾਪਿਤ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਆਈ ਹੈ।

More News

NRI Post
..
NRI Post
..
NRI Post
..