ਜਲੰਧਰ: ਕੋਈ ਵਾਧੂ ਆਮ ਲਾਈਟਾਂ ਟੰਗ ਰਿਹਾ ਹੈ ਤੇ ਕੋਈ ਲਾਈਟਾਂ ਅੱਗੇ ਪੀਲੇ ਕਾਗ਼ਜ਼ ਲਗਾ ਰਿਹਾ ਹੈ। ਸੰਘਣੀ ਧੁੰਦ 'ਚ ਪੰਜਾਬ ਰੋਡਵੇਜ਼ ਦੇ ਡਰਾਈਵਰ ਰੱਬ ਆਸਰੇ ਹੀ ਰੋਜ਼ਾਨਾ ਸੈਂਕੜੇ ਕਿਲੋਮੀਟਰ ਸਫ਼ਰ ਤੈਅ ਕਰ ਰਹੇ ਹਨ। ਵਜ੍ਹਾ ਇਹ ਹੈ ਕਿ ਪੰਜਾਬ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਬੱਸਾਂ 'ਚੋਂ ਜ਼ਿਆਦਾਤਰ 'ਚ ਫਾਗ ਸਬੰਧੀ ਲਾਈਟਾਂ ਲਗਾਉਣ ਦੀ ਕੋਈ ਵਿਵਸਥਾ ਹੀ ਨਹੀਂ ਹੈ।
ਹਰ ਸਾਲ ਦਸੰਬਰ ਦੇ ਅਖ਼ੀਰ ਤੋਂ ਲੈ ਕੇ ਆਮ ਤੌਰ 'ਤੇ ਫਰਵਰੀ ਮਹੀਨੇ ਤਕ ਪੂਰੇ ਉੱਤਰ ਭਾਰਤ 'ਚ ਧੁੰਦ ਆਪਣਾ ਜਲਵਾ ਵਿਖਾਉਂਦੀ ਹੈ। ਤੜਕੇ ਤੇ ਸ਼ਾਮ ਤੋਂ ਬਾਅਦ ਸੜਕਾਂ 'ਤੇ ਧੁੰਦ ਛਾ ਜਾਂਦੀ ਹੈ। ਕਾਰਾਂ ਆਦਿ 'ਚ ਤਾਂ ਫਾਗ ਲਾਈਟਾਂ ਤੋਂ ਇਲਾਵਾ ਬਲਿੰਕਰਜ਼ ਦੀ ਵੀ ਵਿਵਸਥਾ ਹੈ ਪਰ ਪੰਜਾਬ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਸਧਾਰਨ ਬੱਸਾਂ 'ਚ ਫਾਗ ਲਾਈਟ ਫੈਬਰੀਕੇਟਰ ਤੋਂ ਹੀ ਲੱਗ ਕੇ ਨਹੀਂ ਆਉਂਦੀਆਂ। ਅਜਿਹਾ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ ਤੇ ਸੰਘਣੀ ਧੁੰਦ ਦੇ ਤਿੰਨ ਮਹੀਨਿਆਂ ਦੌਰਾਨ ਡਰਾਈਵਰ ਆਪਣੇ ਪੱਧਰ 'ਤੇ ਹੀ ਬੱਸਾਂ ਨੂੰ ਸਧਾਰਨ ਲਾਈਟਾਂ ਲੱਗਵਾ ਲੈਂਦੇ ਹਨ ਜਾਂ ਹੈੱਡ ਲਾਈਟਾਂ ਅੱਗੇ ਪੀਲੇ ਕਾਗ਼ਜ਼ ਚਿਪਕਾ ਲੈਂਦੇ ਹਨ।
ਦੂਜੇ ਪਾਸੇ ਪੰਜਾਬ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਵਾਲਵੋ ਆਦਿ ਬੱਸਾਂ 'ਚ ਤਾਂ ਫਾਗ ਲਾਈਟਾਂ ਤੇ ਬਲਿੰਕਰਜ਼ ਬਾਡੀ ਦੇ ਨਾਲ ਹੀ ਫਿੱਟ ਹੋ ਕੇ ਆਉਂਦੇ ਹਨ ਪਰ ਏਸੀ ਸੁਪਰ ਡੀਲੈਕਸ ਬੱਸਾਂ ਦੀ ਗਿਣਤੀ ਪੰਜਾਬ ਰੋਡਵੇਜ਼ ਦੇ ਬੇੜੇ 'ਚ 100 ਤੋਂ ਵੀ ਘੱਟ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਸੁਪਰ ਡੀਲੈਕਸ ਬੱਸਾਂ ਨੂੰ ਤਾਂ ਕੌਮੀ ਮਾਰਗਾਂ 'ਤੇ ਚਲਾਇਆ ਜਾਂਦਾ ਹੈ ਪਰ ਲੋਕਲ ਤੇ ਪੇਂਡੂ ਖੇਤਰਾਂ 'ਚ ਚੱਲਣ ਵਾਲੀਆਂ ਪੁਰਾਣੀਆਂ ਬੱਸਾਂ ਦੀ ਹਾਲਤ ਤਾਂ ਬਹੁਤ ਹੀ ਖ਼ਰਾਬ ਹੈ। ਪੰਜਾਬ ਰੋਡਵੇਜ਼ ਵੱਲੋਂ ਚਲਾਏ ਜਾ ਰਹੇ ਲੋਕਲ ਆਪਰੇਸ਼ਨ 'ਚ ਜਿਨ੍ਹਾਂ ਬੱਸਾਂ ਨੂੰ ਰੂਟ 'ਤੇ ਰਵਾਨਾ ਕੀਤਾ ਜਾਂਦਾ ਹੈ, ਉਨ੍ਹਾਂ 'ਚ ਤਾਂ ਜ਼ਰੂਰੀ ਸੁਵਿਧਾਵਾਂ ਵੀ ਨਹੀਂ ਹੁੰਦੀਆਂ ਜਿਨ੍ਹਾਂ 'ਚ ਫਾਗ ਲਾਈਟਾਂ ਵੀ ਸ਼ਾਮਲ ਹਨ।
ਪੰਜਾਬ ਰੋਡਵੇਜ਼ ਦੀਆਂ ਸਧਾਰਨ ਬੱਸਾਂ 'ਚ ਧੁੰਦ ਦੇ ਮੌਸਮ ਦੌਰਾਨ ਇਸ ਵੱਡੀ ਕਮੀ ਨੂੰ ਅਧਿਕਾਰੀ ਵੀ ਸਵੀਕਾਰ ਕਰਦੇ ਹਨ ਪਰ ਤਰਕ ਇਹ ਦਿੰਦੇ ਹਨ ਕਿ ਫੈਬਰੀਕੇਸ਼ਨ ਦੌਰਾਨ ਹੀ ਫਾਗ ਲਾਈਟਾਂ ਦੀ ਵੀ ਜ਼ਰੂਰਤ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ਜਿਸ ਦਾ ਫ਼ੈਸਲਾ ਮੈਨੇਜਮੈਂਟ ਪੱਧਰ 'ਤੇ ਕੀਤਾ ਜਾਣਾ ਚਾਹੀਦਾ ਹੈ। ਅਧਿਕਾਰੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜੋ ਡਰਾਈਵਰ ਆਪਣੇ ਪੱਧਰ 'ਤੇ ਫਾਗ ਲਾਈਟਾਂ ਆਦਿ ਲਗਾਉਂਦੇ ਹਨ, ਉਸ ਦੇ ਬਿੱਲ ਦਾ ਭੁਗਤਾਨ ਆਦਿ ਕਰਵਾ ਦਿੱਤਾ ਜਾਂਦਾ ਤੇ ਉਸ 'ਚ ਕੋਈ ਕਟੌਤੀ ਨਹੀਂ ਕੀਤੀ ਜਾਂਦੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



