ਕੈਲੇਫੋਰਨੀਆ ਡੈਸਕ (Vikram Sehajpal) : ਕੈਲੇਫੋਰਨੀਆ ਦੇ ਲਿਵਰਮੋਰ ਸ਼ਹਿਰ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਸ਼ਨਾਖ਼ਤ 27 ਸਾਲ ਦੇ ਮਨਜਿੰਦਰ ਸਿੰਘ ਜੱਜ ਵਜੋਂ ਕੀਤੀ ਗਈ ਹੈ ਜੋ ਜਲੰਧਰ ਜ਼ਿਲੇ ਦੇ ਬਲਾਕ ਲੋਹੀਆਂ ਵਿਚ ਪੈਂਦੇ ਪਿੰਡ ਕੋਠਾ ਨਾਲ ਸਬੰਧਤ ਸੀ। ਮਨਜਿੰਦਰ ਸਿੰਘ ਦੇ ਤਾਏ ਡਾ. ਹਰਜਿੰਦਰ ਸਿੰਘ ਜੱਜ ਨੇ ਦੱਸਿਆ ਕਿ ਉਨਾਂ ਦਾ ਭਤੀਜਾ ਰਾਤ 11 ਦੇ ਕਰੀਬ ਪੈਦਲ ਜਾ ਰਿਹਾ ਸੀ ਜਦੋਂ ਉਸ ਨੂੰ ਅਚਾਨਕ ਖ਼ੂਨ ਦੀ ਉਲਟੀ ਆ ਗਈ।
ਇਸ ਤੋਂ ਪਹਿਲਾਂ ਲਿਵਰਮੋਰ ਪੁਲਿਸ ਨੇ ਸੋਮਵਾਰ ਸਵੇਰੇ ਸੀਨਿਕ ਐਵੇਨਿਊ ਅਤੇ ਨੌਰਥ ਵਾਸਕੋ ਰੋਡ ਇਲਾਕੇ ਵਿਚ ਇਕ ਸ਼ਖਸ ਦੀ ਲਾਸ਼ ਬਰਾਮਦ ਕੀਤੀ ਸੀ। ਪੁਲਿਸ ਨੇ ਮ੍ਰਿਤਕ ਦੀ ਪਛਾਣ ਜਨਤਕ ਨਾ ਕਰਦਿਆਂ ਸਿਰਫ਼ ਐਨਾ ਕਿਹਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਕੋਈ ਸਾਜ਼ਿਸ਼ ਨਜ਼ਰ ਨਹੀਂ ਆਉਂਦੀ। ਫਿਰ ਵੀ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪੁਲਿਸ ਵੱਲੋਂ ਬਰਾਮਦ ਲਾਸ਼ ਮਨਜਿੰਦਰ ਸਿੰਘ ਦੀ ਹੀ ਸੀ।


