ਟਾਂਡਾ ਉੜਮੁੜ (ਇੰਦਰਜੀਤ ਸਿੰਘ) : ਬੀਤੇ ਦਿਨੀਂ ਪਿੰਡ ਕੁਰਾਲਾ ਖੁਰਦ ਦੇ ਨੌਜਵਾਨ ਹਰਮਿੰਦਰ ਸਿੰਘ ਦੀ ਇਟਲੀ 'ਚ ਮੌਤ ਹੋ ਗਈ ਸੀ। ਮੰਗਲਵਾਰ ਸਵੇਰੇ ਉਸ ਦੀ ਮ੍ਰਿਤਕ ਦੇਹ ਪਿੰਡ ਪੁੱਜਣ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਹੌਲ ਇੰਨਾ ਗ਼ਮਗੀਨ ਸੀ ਕਿ ਹਰੇਕ ਦੀਆਂ ਅੱਖਾਂ 'ਚ ਹੰਝੂ ਸਨ। ਜਦੋਂ ਹਰਮਿੰਦਰ ਸਿੰਘ ਦੀ ਭੈਣ ਨੇ ਉਸ ਦੇ ਸਿਰ ਸਿਹਰਾ ਸਜਾਇਆ ਤਾਂ ਬਦੋ-ਬਦੀ ਹੰਝੂ ਨਿਕਲ ਆਏ। ਹਰਮਿੰਦਰ ਦੀ ਮਾਤਾ ਬਲਵਿੰਦਰ ਕੌਰ ਦੇ ਵਿਰਲਾਪ ਨੇ ਮਾਹੌਲ ਨੂੰ ਗ਼ਮਗੀਣ ਕਰ ਦਿੱਤਾ।
ਸੰਸਕਾਰ ਮੌਕੇ ਆਪ ਆਗੂ ਜਸਵੀਰ ਸਿੰਘ ਰਾਜਾ ਤੋਂ ਇਲਾਵਾ ਪਿੰਡ ਦੀ ਪੰਚਾਇਤ ਤੇ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਮੌਜੂਦ ਸਨ।ਜ਼ਿਕਰਯੋਗ ਹੈ ਕਿ 12 ਸਤੰਬਰ ਨੂੰ ਇਟਲੀ ਦੇ ਪਾਵੀਆ 'ਚ ਪੰਜਾਬੀ ਮੂਲ ਦੇ ਚਾਰ ਲੋਕਾਂ ਦੀ ਡੇਅਰੀ ਫਾਰਮ 'ਤੇ ਕੰਮ ਕਰਦੇ ਸਮੇਂ ਗੋਬਰ ਟੈਂਕ 'ਚ ਡਿੱਗਣ ਕਾਰਨ ਮੌਤ ਹੋ ਗਈ ਸੀ। ਇਨ੍ਹਾਂ ਵਿਚੋਂ ਇਕ ਨੌਜਵਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਖੁਰਦ ਦਾ ਹਰਮਿੰਦਰ ਸਿੰਘ ਸੀ।
ਹਰਮਿੰਦਰ ਦੀ ਮੌਤ ਤੋਂ ਬਾਅਦ ਉਸ ਦੇ ਘਰ ਅਫਸੋਸ ਕਰਨ ਪਹੁੰਚੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਹਰਮਿੰਦਰ ਦੀ ਮਾਤਾ ਨੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਉਨ੍ਹਾਂ ਦੇ ਪਿੰਡ ਲਿਆਉਣ ਲਈ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਮਾਨ ਤੇ ਕੇਂਦਰ ਸਰਕਾਰ ਦੇ ਸਹਿਯੋਗ ਸਦਕਾ ਮ੍ਰਿਤਕ ਦੇਹ ਪਿੰਡ ਉਸ ਦਾ ਭਰਾ ਪਰਮਜੀਤ ਸਿੰਘ ਲੈ ਕੇ ਪਹੁੰਚਿਆਂ।



