20 ਫਰਵਰੀ, ਸਿਮਰਨ ਕੌਰ, (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਰੂਸ ਤੇ ਅਮਰੀਕਾ ਵਿਚਾਲੇ ਦਿਨੋਂ ਦਿਨ ਖਿੱਚੋਤਾਣ ਹੋਰ ਵਧ ਰਹੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਅਮਰੀਕਾ ਨੇ ਯੂਰਪ 'ਚ ਕਿਸੇ ਵੀ ਤਰ੍ਹਾਂ ਦੇ ਪਰਮਾਣੂ ਹਥਿਆਰ ਤਾਇਨਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ। ਅਜਿਹੀ ਸਥਿਤੀ ਵਿਚ ਰੂਸ ਅਮਰੀਕਾ ਨਾਲ ਉਨ੍ਹਾਂ ਦੇਸ਼ਾਂ 'ਤੇ ਵੀ ਹਮਲੇ ਕਰੇਗਾ ਜਿੱਥੇ ਉਨ੍ਹਾਂ ਹਥਿਆਰਾਂ ਨੂੰ ਤਾਇਨਾਤ ਕੀਤਾ ਜਾਵੇਗਾ।
.jpg)
ਦੱਸ ਦਈਏ ਕਿ ਇਸ ਕਾਰਨ ਦੋਵੇਂ ਦੇਸ਼ਾਂ ਨੇ ਇੰਟਰਮੀਡੀਅਟ-ਰੇਂਜ ਨਿਊਕਲੀਅਰ ਫੋਰਸਿਜ਼ ਟ੍ਰੀਟੀ (ਆਈਐੱਨਐੱਫ) ਨੂੰ ਰੱਦ ਕਰ ਦਿੱਤਾ ਹੈ। 1987 ਵਿਚ ਹੋਏ ਇਸ ਸਮਝੌਤੇ ਤਹਿਤ ਦੋਵੇਂ ਦੇਸ਼ 500 ਤੋਂ 5,500 ਕਿਲੋਮੀਟਰ ਦੀ ਰੇਂਜ ਵਾਲੇ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ 'ਤੇ ਸਹਿਮਤ ਹੋਏ ਸਨ। ਅਮਰੀਕਾ ਲੰਬੇ ਸਮੇਂ ਤੋਂ ਰੂਸ 'ਤੇ ਇਸ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾ ਰਿਹਾ ਸੀ। ਇਸ ਨੂੰ ਰੱਦ ਕਰਨ ਤੋਂ ਬਾਅਦ ਅਮਰੀਕਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਰੂਸ ਆਪਣੀ ਕ੍ਰੂਜ਼ ਮਿਜ਼ਾਈਲਾਂ ਨੂੰ ਨਸ਼ਟ ਨਹੀਂ ਕਰਦਾ ਹੈ ਤਾਂ ਉਹ ਆਈਐੱਨਐੱਫ ਨੂੰ ਰੱਦ ਕਰ ਦੇਵੇਗਾ।

ਰੂਸ ਦੇ ਸਿਆਸੀ ਦਿੱਗਜਾਂ ਨਾਲ ਗੱਲਬਾਤ ਕਰਦੇ ਹੋਏ ਪੁਤਿਨ ਨੇ ਕਿਹਾ, 'ਅਸੀਂ ਪਹਿਲ ਨਹੀਂ ਕਰਾਂਗੇ ਪਰ ਜੇਕਰ ਅਮਰੀਕਾ ਮਿਜ਼ਾਈਲਾਂ ਤਾਇਨਾਤ ਕਰਦਾ ਹੈ ਤਾਂ ਉਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਰੂਸ ਅਮਰੀਕਾ ਨਾਲ ਸਬੰਧ ਸੁਧਾਰਨਾ ਚਾਹੁੰਦਾ ਸੀ ਪਰ ਹੁਣ ਉਹ ਉਸ ਦੇ ਹਰ ਕਦਮ ਦਾ ਜਵਾਬ ਦੇਣ ਲਈ ਵੀ ਤਿਆਰ ਹੈ।



