ਬਠਿੰਡਾ : ਬਠਿੰਡਾ ਸ਼ਹਿਰ 'ਚ ਅੱਜ ਹੋਈ ਬਰਸਾਤ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕਈ-ਕਈ ਫੁੱਟ ਪਾਣੀ ਖੜ੍ਹ ਗਿਆ ਹੈ। ਪਾਣੀ ਖੜ੍ਹਨ ਨਾਲ ਆਮ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਮੀਹ ਦੇ ਪਾਣੀ ਨੂੰ ਕੱਢਣ ਲਈ ਸ਼ਹਿਰ ਵਿਚ ਨਗਰ ਨਿਗਮ ਬਠਿੰਡਾ ਵੱਲੋਂ ਕਰੋੜਾਂ ਰੁਪਇਆ ਲਗਾਇਆ ਜਾ ਚੁੱਕੈ, ਇਸ ਦੇ ਬਾਵਜੂਦ ਬਠਿੰਡਾ ਵਾਸੀਆਂ ਨੂੰ ਪਾਣੀ ਭਰਨ ਦੀ ਸਮੱਸਿਆ ਤੋਂ ਨਿਜਾਤ ਮਿਲਦੀ ਨਜ਼ਰ ਨਹੀਂ ਆ ਰਹੀ।ਨਗਰ ਨਿਗਮ ਬਠਿੰਡਾ ਵੱਲੋਂ ਭਾਵੇਂ ਕਿ ਮੀਂਹ ਆਉਣ 'ਤੇ ਨਿਕਾਸੀ ਪ੍ਰਬੰਧ ਪੁਖਤਾ ਕੀਤੇ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ, ਪਰ ਅੱਜ ਕੁਝ ਹੀ ਮਿੰਟਾਂ ਦੀ ਬਰਸਾਤ ਨੇ ਨਗਰ ਨਿਗਮ ਦੇ ਦਾਅਵੇ ਪਾਣੀ 'ਚ ਰੋੜ੍ਹ ਕੇ ਰੱਖ ਦਿੱਤੇ।
ਦੋ ਪਹੀਆ ਵਾਹਨ ਪਾਣੀ 'ਚ ਡਿੱਗਦੇ ਹੋਏ ਨਜ਼ਰ ਆਏ ਜਦਕਿ ਕਈ ਗੱਡੀਆਂ ਵੀ ਪਾਣੀ ਵਿਚ ਹੀ ਬੰਦ ਹੋ ਗਈਆਂ। ਇਹ ਬਰਸਾਤ ਅੱਜ ਸਵੇਰ ਵੇਲੇ ਅੱਧਾ ਕੁ ਘੰਟਾ ਹੀ ਬਠਿੰਡਾ 'ਚ ਪਈ ਸੀ, ਜਿਸ ਕਾਰਨ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਮਾਲ ਰੋਡ, ਪਰਸਰਾਮ ਨਗਰ, ਪਾਵਰ ਹਾਊਸ ਰੋਡ, ਭੱਟੀ ਰੋਡ ਤੇ ਹੋਰ ਕਈ ਨੀਵੇਂ ਇਲਾਕਿਆਂ 'ਚ ਕਈ-ਕਈ ਫੁੱਟ ਪਾਣੀ ਖੜ੍ਹ ਗਿਆ ਹੈ ਜਿਸ ਕਾਰਨ ਕਈ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਵੀ ਬੰਦ ਕਰਨੀਆਂ ਪਈਆਂ ਹਨ। ਹਾਲਾਂਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਪਾਣੀ ਨੂੰ ਜਲਦ ਤੋਂ ਜਲਦ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰ ਹਾਲੇ ਤਕ ਇਸ ਪਾਣੀ ਨੂੰ ਕੱਢਿਆ ਨਹੀਂ ਜਾ ਸਕਿਆ ਹੈ।


