ਸਿਮਰਜੀਤ ਬੈਂਸ ’ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ

by vikramsehajpal

ਲੁਧਿਆਣਾ (ਦੇਵ ਇੰਦਰਜੀਤ) : ਕੁਝ ਮਹੀਨੇ ਪਹਿਲਾਂ ਇਕ ਔਰਤ ਵੱਲੋਂ ਸਿਮਰਜੀਤ ਬੈਂਸ ’ਤੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਮਾਮਲੇ ਵਿਚ ਲੁਧਿਆਣਾ ਦੀ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ’ਤੇ ਲੁਧਿਆਣਾ ਪੁਲਸ ਕਮਿਸ਼ਨਰ ਨੂੰ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਲੁਧਿਆਣਾ ਦੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਸ ਵਲੋਂ ਸਿਮਰਜੀਤ ਬੈਂਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਲੁਧਿਆਣਾ ਵਿਚ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸਿਮਰਜੀਤ ਬੈਂਸ ਖ਼ਿਲਾਫ਼ ਇਹ ਮਾਮਲਾ ਆਈ. ਪੀ. ਸੀ. ਦੀ ਧਾਰਾ 376, 354,354-ਏ, 506 ਅਤੇ 120 ਬੀ ਤਹਿਤ ਦਰਜ ਕੀਤਾ ਗਿਆ ਹੈ। ਇਸ ਐੱਫ. ਆਈ. ਆਰ. ਵਿਚ ਵਿਧਾਇਕ ਸਿਮਰਜੀਤ ਬੈਂਸ ਸਮੇਤ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਅਜੇ ਤਕ ਵਿਧਾਇਕ ਸਿਮਰਜੀਤ ਬੈਂਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਲੁਧਿਆਣਾ ਦੀ ਇਸ 45 ਸਾਲਾ ਔਰਤ ਨੇ ਦੋਸ਼ ਲਗਾਏ ਸਨ ਕਿ ਨਾ ਸਿਰਫ ਬੈਂਸ ਨੇ ਉਸ ਨਾਲ ਬਲਾਤਕਾਰ ਕੀਤਾ ਸਗੋਂ ਉਸਨੂੰ ਧਮਕਾਇਆ ਕਿ ਜੇ ਉਸਨੇ ਪੁਲਸ ਕੋਲ ਸ਼ਿਕਾਇਤ ਕੀਤੀ ਤਾਂ ਉਸ ਦੇ ਦੋਵਾਂ ਪੁੱਤਰਾਂ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। ਉਕਤ ਔਰਤ ਵੱਲੋਂ ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਜਦ ਬੈਂਸ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਉਸਨੇ ਆਪਣੇ ਵਕੀਲ ਹਰੀਸ਼ ਰਾਏ ਢਾਂਡਾ ਰਾਹੀਂ ਅਦਾਲਤ ਦਾ ਰੁਖ਼ ਕੀਤਾ ਸੀ।