ਆਰਬੀਆਈ ਨੇ ਰੈਪੋ ਦਰ 4 ਫ਼ੀਸਦੀ ‘ਤੇ ਰੱਖਿਆ ਬਰਕਰਾਰ

ਆਰਬੀਆਈ ਨੇ ਰੈਪੋ ਦਰ 4 ਫ਼ੀਸਦੀ ‘ਤੇ ਰੱਖਿਆ ਬਰਕਰਾਰ

ਨਿਊਜ਼ ਡੈਸਕ (ਜਸਕਮਲ) : ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਨੀਤੀਗਤ ਦਰ ਰੈਪੋ ਨੂੰ ਚਾਰ ਫ਼ੀਸਦ ’ਤੇ ਬਰਕਰਾਰ ਰੱਖਿਆ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਰਿਜ਼ਰਵ ਬੈਂਕ ਵਿਕਾਸ ਦਰ ਨੂੰ ਲੀਹ ’ਤੇ ਲਿਆਉਣ ਤੇ ਉਸ ਨੂੰ ਹੋਰ ਮਜ਼ਬੂਤ ਅਧਾਰ ਦੇਣ ਲਈ ਉਦਾਰ ਰੁਖ਼ ਅਪਣਾਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤੀ ਆਰਥਿਕਤਾ ਢਹਿੰਦੀ ਕਲਾਂ ਤੋਂ ਉਭਰ ਚੁੱਕੀ ਹੈ ਤੇ ਦੇਸ਼ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਬੈਂਕ ਨੇ 2021-22 ‘ਚ ਜੀਡੀਪੀ ਵਿਕਾਸ ਦਰ ਦਾ ਟੀਚਾ 9.5 ਫ਼ੀਸਦ ਰੱਖਿਆ ਹੈ।

ਇਹ ਲਗਾਤਾਰ ਨੌਵੀਂ ਵਾਰ ਹੈ ਜਦੋਂ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਨੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ ਹੈ। RBI ਨੇ ਪਿਛਲੀ ਵਾਰ 22 ਮਈ, 2020 ਨੂੰ ਆਪਣੀ ਨੀਤੀਗਤ ਰੈਪੋ ਦਰ ਜਾਂ ਛੋਟੀ ਮਿਆਦ ਦੀ ਉਧਾਰ ਦਰ ਨੂੰ ਇਕ ਆਫ-ਪਾਲਿਸੀ ਚੱਕਰ ‘ਚ ਸੋਧਿਆ ਸੀ ਤਾਂ ਜੋ ਵਿਆਜ ਦਰ ਨੂੰ ਇਕ ਇਤਿਹਾਸਕ ਨੀਵੇਂ ਪੱਧਰ ਤੱਕ ਘਟਾ ਕੇ ਮੰਗ ਨੂੰ ਪੂਰਾ ਕੀਤਾ ਜਾ ਸਕੇ।