RBI ਨੇ Punjab ‘ਚ ਕਣਕ ਦੀ ਖਰੀਦ ਲਈ CCL ‘ਚ ਮਈ ਦੇ ਅਖੀਰ ਤੱਕ ਕੀਤਾ ਵਾਧਾ

by jaskamal

ਨਿਊਜ਼ ਡੈਸਕ : RBI ਭਾਰਤੀ ਰਿਜ਼ਰਵ ਬੈਂਕ ਨੇ ਸੂਬੇ 'ਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਵਾਸਤੇ ਨਕਦ ਹੱਦ ਕਰਜ਼ਾ (ਸੀ.ਸੀ.ਐੱਲ.) ਮਈ 2022 ਦੇ ਅਖੀਰ ਤੱਕ ਵਧਾ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਰ.ਬੀ.ਆਈ. ਨੇ ਮਈ 2022 ਦੇ ਅਖੀਰ ਤੱਕ 3378.15 ਕਰੋੜ ਰੁਪਏ ਦੀ ਸੀ.ਸੀ.ਐੱਲ. ਵਧਾਈ ਹੈ। ਇਸ ਵਾਧੇ ਨਾਲ ਅਪ੍ਰੈਲ 2022 ਦੇ ਅਖੀਰ ਤੱਕ ਪਹਿਲਾਂ ਹੀ ਮਨਜ਼ੂਰ ਕੀਤੀ 24,773.11 ਕਰੋੜ ਰੁਪਏ ਦੀ ਸੀ.ਸੀ.ਐੱਲ. ਹੁਣ ਮਈ 2022 ਦੇ ਅਖੀਰ ਤੱਕ ਲਈ 28,151.26 ਕਰੋੜ ਰੁਪਏ ਹੋ ਗਈ ਹੈ।

ਹਾੜ੍ਹੀ ਮੰਡੀਕਰਨ ਸੀਜ਼ਨ 2022 ਵਾਸਤੇ ਨਵੇਂ ਖਾਤੇ ਇਕ ਹੇਠ ਕਣਕ ਦੀ ਖਰੀਦ ਵਾਸਤੇ ਮਿਆਦ ਵਿਚ ਕੀਤੇ ਵਾਧੇ ਦਾ ਵਿਸ਼ਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਐੱਸ.ਬੀ.ਆਈ. ਵੱਲੋਂ ਫੰਡ ਜਾਰੀ ਕੀਤੇ ਜਾਣਗੇ। ਇਹ ਫੰਡ ਸਿਰਫ ਉਦੋਂ ਜਾਰੀ ਕੀਤੇ ਜਾਂਦੇ ਹਨ ਜਦੋਂ ਪੰਜਾਬ ਅਤੇ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਪ੍ਰਾਪਤ ਭਾਰਤ ਦੇ ਸੰਵਿਧਾਨ ਦੀ ਧਾਰਾ 293 (3) ਅਧੀਨ ਸਹਿਮਤੀ ਪੱਤਰ ਸੌਂਪ ਦਿੰਦੀ ਹੈ ਅਤੇ ਇਹ ਸੂਬਾ ਸਰਕਾਰ ਦੇ ਸਾਰੇ ਅਨਾਜ ਕ੍ਰੈਡਿਟ ਖਾਤੇ ਸਟਾਕ ਕੀਮਤ ਦੇ ਮੁਕੰਮਲ ਭੁਗਤਾਨ ਦੀ ਤਸਦੀਕ ਕਰਨ ਨਾਲ ਜੋੜਿਆ ਗਿਆ ਹੈ।