ਸੰਤ ਲਾਲ ਸਿੰਘ ਦੀ ਬਰਸੀ ‘ਤੇ ਰਾਜਸੀ ਤੇ ਧਾਰਮਿਕ ਸ਼ਖਸ਼ੀਅਤਾਂ ਨੇ ਭਰੀ ਹਾਜ਼ਰੀ

by

ਸੀਚੇਵਾਲ (ਇੰਦਰਜੀਤ ਸਿੰਘ ਚਾਹਲ) : ਸ੍ਰੀਮਾਨ ਸੰਤ ਲਾਲ ਸਿੰਘ ਜੀ ਦੀ ਬਰਸੀ ਨਿਰਮਲ ਕੁਟੀਆ ਸੀਚੇਵਾਲ ਵਿੱਚ ਇਲਾਕੇ ਦੇ ਲੋਕਾਂ ਨੇ ਬਹੁਤ ਹੀ ਸ਼ਰਧਾਂ ਪੂਰਵਕ ਢੰਗ ਨਾਲ ਮਨਾਈ। ਸਮਾਗਮ ਵਿੱਚ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਤ ਲਾਲ ਸਿੰਘ ਜੀ ਦੇ ਜੀਵਨ ਨੂੰ ਇੱਕ ਪ੍ਰੇਰਨਾਦਾਇਕ ਦੱਸਦਿਆ ਕਿਹਾ ਕਿ ਜਿੱਥੇ ਉਹ ਬਰਖਤ ਸਾਧੂ ਸਨ ਉਥੇ ਉਹ ਕੁਦਰਤੀ ਸਾਧਨਾਂ ਦੀ ਵੀ ਵਰਤੋਂ ਬੜੇ ਸੰਜਮ ਨਾਲ ਕਰਦੇ ਸਨ ਤੇ ਖਾਸ ਕਰਕੇ ਪਾਣੀ ਤੇ ਦਰਖੱਤਾਂ ਦਾ ਖ਼ਾਸ ਖਿਆਲ ਰੱਖਦੇ ਸਨ। ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ ੫੫੦ਵੇਂ ਪ੍ਰਕਾਸ਼ ਪੁਰਬ ਤੱਕ ਹਰ ਪਿੰਡ ਵਿੱਚ ੫੫੦ ਬੂਟੇ ਲਗਾਉਣ।ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਪਵਿੱਤਰ ਵੇਈਂ ਨੂੰ ਵੀ ਨਹੀਂ ਬਖਸ਼ਿਆ ਗਿਆ ਜਿੱਥੋਂ ਗੁਰਬਾਣੀ ਦਾ ਆਗਮਨ ਹੋਇਆ ਹੈ।ਉਨ੍ਹਾਂ ਸੰਗਤਾਂ ਨੂੰ ਇਹ ਅਪੀਲ ਕੀਤੀ ਕਿ ਉਹ ਸੁਲਤਾਨਪੁਰ ਲੋਧੀ ਨੂੰ ਹੋਰ ਸੁੰਦਰ ਬਣਾਉਣ ਲਈ ਅੱਗੇ ਆਉਣ ਤਾਂ ਜੋ ਸਮਾਗਮਾਂ ਨੂੰ ਹੋਰ ਵੀ ਯਾਦਗਾਰੀ ਬਣਾਇਆ ਜਾ ਸਕੇ। ਪੰਜਾਬ ਦੇ ਦਿਨੋਂ ਦਿਨ ਵਿਗੜ ਰਹੇ ਵਾਤਾਵਰਣ 'ਤੇ ਚਿੰਤਾ ਜ਼ਾਹਿਰ ਕਰਦਿਆ ਸੰਤ  ਸੀਚੇਵਾਲ ਨੇ ਕਿਹਾ ਕਿ ਸਰਕਾਰੀ ਸਿਸਟਮ ਵਾਤਾਵਰਣ ਪ੍ਰਤੀ ਗੰਭੀਰਤਾ ਨਾਲ ਕੰਮ ਨਹੀਂ ਕਰ ਰਿਹਾ। 


ਉਨ੍ਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਹਾਲ ਹੀ ਵਿੱਚ ਆਏ ਫੈਸਲੇ ਦਾ ਜ਼ਿਕਰ ਕਰਦਿਆ ਕਿਹਾ ਕਿ ਜਿਹੜੇ ਸਰਕਾਰੀ ਵਿਭਾਗਾਂ ਨੇ ਪ੍ਰਦੂਸ਼ਣ ਪੈਣ ਤੋਂ ਰੋਕਣਾ ਸੀ ਉਹ ਜਦੋਂ ਆਪਣੀਆਂ ਸੰਵਿਧਾਨਕ ਜੁੰਮੇਵਾਰੀਆਂ ਠੀਕ ਢੰਗ ਨਾਲ ਨਹੀਂ ਨਿਭਾਅ ਸਕੇ ਤਾਂ ਉਹੀ ਅਧਿਕਾਰੀ ਐਨਜੀਟੀ ਨੂੰ ਦੱਸ ਰਹੇ ਹਨ ਕਿ ਪੰਜਾਬ ਦੇ ਪ੍ਰਦੂਸ਼ਣ ਨੂੰ ਕਿਵੇਂ ਕੰਟਰੋਲ ਕਰਨਾ ਹੈ। ਉਨ੍ਹਾਂ ਸਵਾਲ ਖੜਾ ਕੀਤਾ ਕਿ ਇੱਕ ਦੋਸ਼ੀ ਆਪਣੇ ਬਾਰੇ ਸਜ਼ਾ ਕਿਵੇਂ ਤੈਅ ਕਰ ਸਕਦਾ ਹੈ ? ਇਸ ਮੌਕੇ ਧਾਰਮਿਕ ਆਗੂਆਂ ਵਿੱਚ ਸੰਤ ਦਇਆ ਸਿੰਘ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ ਵਾਲੇ ਅਤੇ ਸੰਤ ਪ੍ਰਗਟ ਨਾਥ ਰਹੀਮਪੁਰ ਵਾਲੇ ਸਮੇਤ ਹੋਰ ਸਾਧੂ ਮਹਾਤਮਾ ਹਾਜ਼ਰ ਸਨ।ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ, ਕਾਂਗਰਸੀ ਆਗੂ ਜਸਬੀਰ ਸਿੰਘ ਡਿੰਪਾ ਤੇ  ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸ੍ਰੀਮਾਨ ਸੰਤ ਲਾਲ ਸਿੰਘ ਜੀ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ। 


ਇੰਨ੍ਹਾਂ ਆਗੂਆਂ ਨੇ ਕਿਹਾ ਕਿ  ਨਿਰਮਲ ਕੁਟੀਆ ਦੇ ਮੁੱਖ ਸੇਵਾਦਾਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬਾਬੇ ਨਾਨਕ ਦੀ ਪਵਿੱਤਰ ਵੇਈਂ ਨੂੰ ਕਾਰ ਸੇਵਾ ਰਾਹੀ ਸੰਗਤਾਂ ਨੂੰ ਨਾਲ ਲੈਕੇ ਉਸ ਨੂੰ ਮੁੜ ਨਿਰਮਲ ਬਣਾ ਦਿੱਤਾ ਹੈ।ਇਸ ਨਾਲ ਪੰਜਾਬ ਵਿੱਚ ਵਾਤਾਵਰਣ ਦੀ ਲਹਿਰ ਨੂੰ ਤਕੜਾ ਹੁਲਾਰਾ ਮਿਲਿਆ ਹੈ। ਸ੍ਰੀ ਆਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਤਜਿੰਦਰ ਸਿੰਘ, ਗੁਰਵਿੰਦਰ ਕੌਰ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਮਹਾਵਿਦਿਆਲਿਆ ਦੇ ਵਿਦਿਆਰਥੀਆਂ ਨੇ ਰਸ ਭਿੰਨਾਂ ਕੀਰਤਨ ਕੀਤਾ। ਗੁਰੂ ਦੇ ਲੰਗਰ ਅਤੁਟ ਵਰਤਾਏ ਗਏ। ਸੰਤ ਸੁਖਜੀਤ ਸਿੰਘ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ।ਇਸ ਮੌਕੇ ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਜੋਗਾ ਸਿੰਘ ਸਰਪੰਚ ਚੱਕਚੇਲਾ, ਤਜਿੰਦਰ ਸਿੰਘ ਸਰਪੰਚ ਸੀਚੇਵਾਲ, ਸਰਪੰਚ ਤੀਰਥ ਸਿੰਘ ਸ਼ੇਰਪੁਰ ਦੋਨਾਂ, ਡਾ. ਸਾਧੂ ਸਿੰਘ ਬੁੱਟਰ,ਰਘਬੀਰ ਸਿੰਘ ਬੋਪਾਰਾਏ, ਸੁਰਜੀਤ ਸਿੰਘ ਸ਼ੰਟੀ, ਬੂਟਾ ਸਿੰਘ, ਹਰਪਾਲ ਸਿੰਘ, ਅਮਰੀਕ ਸਿੰਘ ਸੰਧੂ ਅਤੇ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਹਾਜ਼ਰ ਸਨ।  

More News

NRI Post
..
NRI Post
..
NRI Post
..