ਦਿੱਲੀ ਛੱਡ ਪੂਰੇ ਦੇਸ਼ ‘ਚ ਕੀਤਾ ਜਾਵੇਗਾ ਚੱਕਾ ਜਾਮ : ਰਾਕੇਸ਼ ਟਿਕੈਤ

by vikramsehajpal

ਗਾਜੀਪੁਰ(ਦੇਵ ਇੰਦਰਜੀਤ): ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪਿਛਲੇ 72 ਦਿਨਾਂ ਤੋਂ ਜਾਰੀ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋਈ ਪਰ ਸਾਰੀਆਂ ਬੇਸਿੱਟਾ ਰਹੀਆਂ। ਅਜਿਹੇ 'ਚ ਹੁਣ ਕਿਸਾਨਾਂ ਨੇ ਕੱਲ ਯਾਨੀ 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਭਰ 'ਚ ਕਿਸਾਨ ਹਾਈਵੇਅ ਜਾਮ ਕਰ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਵਿਚ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਦਿੱਲੀ 'ਚ ਇਹ ਚੱਕਾ ਜਾਮ ਨਹੀਂ ਹੋਵੇਗਾ।

12 ਤੋਂ 3 ਵਜੇ ਤੱਕ ਕਰਨਗੇ ਚੱਕਾ ਜਾਮ

ਕਿਸਾਨ ਸ਼ਨੀਵਾਰ ਨੂੰ ਦੇਸ਼ ਭਰ 'ਚ ਤਿੰਨ ਘੰਟਿਆਂ ਲਈ ਚੱਕਾ ਜਾਮ ਕਰਨਗੇ। ਇਸ ਦੌਰਾਨ ਨੈਸ਼ਨਲ ਅਤੇ ਸਟੇਟ ਹਾਈਵੇਅ 'ਤੇ ਵਾਹਨਾਂ ਦੀ ਆਵਾਜਾਈ ਰੋਕ ਰੱਖਣਗੇ। ਕਿਸਾਨਾਂ ਨੂੰ ਬਜਟ 'ਚ ਨਜ਼ਰਅੰਦਾਜ ਕਰਨਾ, ਪ੍ਰਦਰਸ਼ਨ ਵਾਲੀ ਜਗ੍ਹਾ 'ਤੇ ਇੰਟਰਨੈੱਟ ਬੰਦ ਕਰਨ ਸਮੇਤ ਕਈ ਮੁੱਦਿਆਂ ਦੇ ਵਿਰੋਧ 'ਚ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਯੂਨੀਅਨ ਦੇ ਆਗੂਆਂ ਅਨੁਸਾਰ ਸ਼ਨੀਵਾਰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੜਕਾਂ ਨੂੰ ਜਾਮ ਕਰਦੇ ਹੋਏ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਗੇ।