ਲਾਲੜੂ : ਲਾਲੜੂ ਪੁਲਿਸ ਨੇ ਸਕਾਰਪੀਓ ਸਵਾਰ 2 ਵਿਅਕਤੀਆਂ ਤੋਂ 75 ਲੱਖ ਰੁਪਏ ਬਰਾਮਦ ਕੀਤੇ ਹਨ। ਚੋਣ ਜ਼ਾਬਤੇ ਦੌਰਾਨ ਬਿਨਾਂ ਲੋੜੀਂਦੇ ਕਾਗਜ਼ੀ ਸਬੂਤਾਂ ਦੇ 50 ਹਜ਼ਾਰ ਜਾਂ ਇਸ ਤੋਂ ਵੱਧ ਨਗਦੀ ਰੱਖਣ ਜਾ ਲਿਜਾਣ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਦਾਇਰੇ 'ਚ ਰੱਖਿਆ ਗਿਆ ਹੈ।ਜ਼ਿਲ੍ਹਾ ਪੁਲਿਸ ਮੁਖੀ ਐੱਸਏਐੱਸ ਨਗਰ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਮੁੱਖ ਅਫਸਰ ਥਾਣਾ ਲਾਲੜੂ ਇੰਸਪੈਕਟਰ ਗੁਰਚਰਨ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਪਿੰਡ ਸਰਸੀਣੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਅੰਬਾਲਾ ਵੱਲੋਂ ਆਉਂਦੀ ਇਕ ਸਕਾਰਪਿਓ ਨੂੰ ਰੋਕ ਕੇ ਜਦ ਤਲਾਸ਼ੀ ਲਈ ਤਾਂ ਉਸ ਵਿਚੋਂ 75 ਲੱਖ ਰੁਪਏ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਗੱਡੀ ਵਿਚ ਸਵਾਰ ਦੋ ਵਿਅਕਤੀਆਂ ਦੀ ਪਛਾਣ ਪ੍ਰਮੋਦ ਸਾਂਗਵਾਨ ਵਾਸੀ ਪਿੰਡ ਕਾਜਲਾ ਕਵਾਸ ਜ਼ਿਲ੍ਹਾ ਝੁਨਝਨੂੰ (ਰਾਜਸਥਾਨ) ਅਤੇ ਸੋਨੂੰ ਸਿੰਘ ਪਿੰਡ ਸੀਹਾ ਜ਼ਿਲ੍ਹਾ ਰਿਵਾੜੀ (ਹਰਿਆਣਾ) ਵਜੋਂ ਹੋਈ ਹੈ, ਜੋ ਰਿਵਾੜੀ ਤੋਂ ਚੰਡੀਗੜ੍ਹ ਜਾ ਰਹੇ ਸਨ। ਉਕਤ ਵਿਅਕਤੀ ਨਕਦੀ ਸਬੰਧੀ ਕੋਈ ਰਸੀਦ ਜਾਂ ਹੋਰ ਦਸਤਾਵੇਜ਼ ਪੇਸ਼ ਨਾ ਕਰ ਸਕੇ, ਨਾ ਹੀ ਕੋਈ ਤਸੱਲੀਬਖਸ਼ ਜਵਾਬ ਦੇ ਸਕੇ। ਪੁਲਿਸ ਨੇ ਥਾਣਾ ਲਾਲੜੂ ਵਿਖੇ ਡੀਡੀਆਰ ਦਰਜ ਕਰ ਕੇ ਅਗਲੇਰੀ ਕਾਰਵਾਈ ਲਈ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ।



