ਮਨੀਲਾ ਵਿਖੇ ਸੰਤ ਸੀਚੇਵਾਲ ਨੇ ਕੀਤਾ ਖੂਨਦਾਨ, ਨਿਰਮਲ ਇੰਡੀਆ ਟੈਂਪਲ ਪਨਕੀ ਵਿਖੇ ਵਾਲੀਬਾਲ ਦੇ ਕਰਵਾਏ ਮੁਕਾਬਲੇ

by mediateam

8 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) : 

ਮੀਡਿਆ ਡੈਸਕ, ਫਿਲਪਾਇਨ (ਇੰਦਰਜੀਤ ਸਿੰਘ ਚਾਹਲ) : ਵਾਤਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਫਿਲਪਾਇਨ ਚ ਲੱਗੇ ਕੈਂਪ ਦੌਰਾਨ ਖੂਨਦਾਨ ਕੀਤਾ। ਇਸ ਮੌਕੇ 50 ਦੇ ਕਰੀਬ ਲੋਕਾਂ ਨੇ ਖੂਨਦਾਨ ਕੀਤਾ। ਸੰਤ ਬਲਬੀਰ ਸਿੰਘ ਸੀਚੇਵਾਲ ਫਿਲਪਾਇਨ ਫੇਰੀ ਤੇ ਉਥੇ ਵਸਦੇ ਪੰਜਬੀਆਂ ਅਤੇ ਉਸ ਦੇਸ਼ ਦੇ ਵਸਨੀਕਾਂ ਦੀ ਸਾਂਝ ਨੂੰ ਮਜ਼ਬੂਤ ਕਰਾਉਣ ਲਈ ਪਿਛਲੇ ਕਈ ਸਾਲਾਂ ਤੋਂ ਯਤਨਸ਼ੀਲ ਹਨ। ਹਰ ਸਾਲ ਫਿਲਪਾਈਨ ਵਿਚ ਏਕ ਓਕਾਂਰ ਨਿਰਮਲ ਇੰਡੀਆ ਟੈਂਪਲ, ਪਨਕੀ ਤਰਲਕ ਵੱਲੋਂ ਫਿਲਾਪਾਇਨ ਦੇ ਸਥਾਨਕ ਲੋਕਾਂ ਦੀ ਮਦਦ ਕਰਨ ਲਈ ਮੁਫਤ ਮੈਡੀਕਲ ਕੈਂਪ ਅਤੇ ਨਿਤ ਵਰਤੋਂ ਦੇ ਸਮਾਨ ਦੀਆਂ ਮੁਫਤ ਕਿੱਟਾਂ ਵੰਡਣ ਸਮੇਤ ਖੇਡ ਮੇਲੇ ਵੀ ਕਰਵਾਏ ਜਾਂਦੇ ਹਨ।


ਇਹ ਸਾਰੇ ਸਮਾਗਮ ਫਿਲਪਾਇਨ ਦੇ ਪਨਕੀ ਇਲਾਕੇ ਵਿੱਚ ਬਣੇ ਇੱਕ ਓਕਾਂਰ ਨਿਰਮਲ ਇੰਡੀਆ ਟੈਂਪਲ ਵਿਚ ਕਰਵਾਏ ਜਾਂਦੇ ਹਨ। ਫਿਲਪਾਈਨ ਦੀ ਧਰਤੀ ਤੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਅੱਜ ਸਰਕਾਰੀ ਅਪੁਲਿਡ ਐਲੀਮੈਂਟਰੀ ਸਕੂਲ ਪਨਕੀ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਲੀਪਰ ਵੰਡੇ ਗਏ ਅਤੇ ਜੂਸ ਦਾ ਲੰਗਰ ਲਗਾਇਆ ਗਿਆ।ਇੱਕ ਉਂਕਾਰ ਇੰਡੀਅਨ ਨਿਰਮਲ ਟੈਂਪਲ ਵੱਲੋਂ ਸਮੂਹ ਗੁਰਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਤਰਲਕ ਪੁਲਿਸ ਦੇ ਡਾਇਰੈਕਟਰ ਕਰਨਲ ਜੀਸਸ ਐਥੀਕੋ ਰੇਬੁਆ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਬਾਅਦ ਵਿੱਚ ਇੰਡੀਅਨ ਨਿਰਮਲ ਟੈਂਪਲ ਪਨਕੀ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਸੰਤ ਸੀਚੇਵਾਲ ਜੀ ਸਮੇਤ 50 ਤੋਂ ਵੱਧ ਲੋਕਾਂ ਨੇ ਖੂਨਦਾਨ ਕੀਤਾ।ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਨ ਵਾਸਤੇ ਵਾਲੀਬਾਲ ਦਾ ਟੂਰਨਾਂਮੈਂਟ ਵੀ ਕਰਵਾਇਆ ਗਿਆ।ਜਿਸ ਵਿੱਚ ਪਨਕੀ ਏ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਉਰਦਾਨੇਤਾ ਦੀ ਟੀਮ ਨੇ ਦੂਜਾ ਅਤੇ ਸਨਫਰਨਾਂਦੋ ਦੀ ਟੀਮ ਤੀਸਰੇ ਨੰਬਰ ਤੇ ਰਹੀ। ਸਲਾਨੋ, ਡਗੂਪਾਨ, ਅਲਕਲਾ ਅਤੇ ਪਨਕੀ ਬੀ ਟੀਮਾਂ ਨੇ ਵੀ ਆਪਣੇ ਪੂਰੇ ਜੌਹਰ ਦਿਖਾਏ।


ਪੰਜਾਬੀਆਂ ਅਤੇ ਫਿਲਪਾਈਨ ਵਾਸੀਆਂ ਦੀਆਂ ਮਿਲੀਆਂ ਜੁਲੀਆਂ ਟੀਮਾਂ ਦੇ ਮੈਚ ਦੇਖਣ ਵਾਲੇ ਸਨ। ਫਿਲਪਾਈਨ ਦੇ ਮੂਲ ਨਿਵਾਸੀਆਂ ਦੀ ਵਾਲੀਬਾਲ ਦਾ ਟੂਰਨਾਮੈਂਟ ਜੇਤੂ ਟੀਮ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਲਾਜਵਾਬ ਸੀ।ਕਰਨਲ ਜੀਸਸ ਨੇ ਸੰਤ ਸੀਚੇਵਾਲ ਜੀ ਵੱਲੋਂ ਫਿਲਪਾਈਨ ਦੀ ਧਰਤੀ ਤੇ ਕੀਤੇ ਜਾ ਰਹੇ ਸੇਵਾ ਕਾਰਜ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿੱਖ ਧਰਮ ਦੀ ਮਹਾਨਤਾ ਹੀ ਹੈ ਕਿ ਉਸ ਦੇ ਬਾਸ਼ਿੰਦੇ ਮਾਨਵਤਾ ਦੀ ਭਲਾਈ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਲਗਾਤਾਰ ਫਿਲਪਾਈਨ ਦੇ ਵੱਖ-ਵੱਖ ਸ਼ਹਿਰਾਂ ਵਿਚ ਵਾਤਾਵਰਣ ਦਾ ਹੋਕਾ ਦੇਣ ਲਈ ਜਾਣੇ ਜਾ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਫਿਲਪਾਈਨ ਵਿਚ ਪੰਜਾਬੀਆਂ ਦੇ ਹੋ ਰਹੇ ਕਤਲ ਚਿੰਤਾਜਨਕ ਹਨ।

ਥੋਂ ਦੇ ਸਥਾਨਕ ਲੋਕਾਂ ਨਾਲ ਭਾਈਚਾਰਕ ਸਾਂਝ ਬਣਾਉਣ ਦੀ ਸਖਤ ਲੋੜ ਹੈ। ਸਮਾਜ ਸੇਵਾ ਦੇ ਕੰਮ ਹੀ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਥੇ ਪ੍ਰਵਾਸੀ ਪੰਜਾਬੀ ਸਮਾਜ ਭਲਾਈ ਦੇ ਕੰਮਾਂ 'ਚ ਡਟੇ ਰਹਿੰਦੇ ਹਨ ਉਥੇ ਧਾਰਮਿਕ ਕੰਮਾਂ ਵਿਚ ਵੀ ਮੋਹਰੀ ਭੂਮਿਕਾ ਨਿਭਾਉਂਦੇ ਹਨ। ਪਿਛਲੇ ਤਿੰਨਾਂ ਸਾਲਾਂ ਤੋਂ ਨਿਰਮਲ ਕੁਟੀਆ ਪਨਕੀ ਵਿਚ ਖੂਨਦਾਨ ਕੈਂਪ, ਮੈਡੀਕਲ ਚੈਕਅੱਪ, ਕਬੱਡੀ, ਵਾਲੀਬਾਲ ਅਤੇ ਸਮਾਜ ਸੇਵਾ ਦੇ ਹੋਰ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਇਨ੍ਹਾਂ ਕੰਮਾਂ ਨਾਲ ਪੰਜਾਬੀ ਭਾਈਚਾਰੇ ਦੀ ਸਾਂਝ ਉਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਮਜ਼ਬੂਤ ਹੋਈ ਹੈ। ਇਸ ਮੌਕੇ ਮਨਜਿੰਦਰ ਸਿੰਘ, ਮਨਦੀਪ ਸਿੰਘ, ਬਲਬੀਰ ਸਿੰਘ ਬੋਪਾਰਾਏ, ਮੋਹਣ ਸਿੰਘ ਪੱਤੜ, ਸੰਤੋਖ ਸਿੰਘ ਸੁੰਨੜਾਂ, ਜਗਤਾਰ ਸਿੰਘ, ਕੁਲਵਿੰਦਰ ਸਿੰਘ ਮਾਨ, ਸੰਦੀਪ ਸੋਢੀ ਢੰਡੋਵਾਲੀਆਂ, ਇੰਦਰਜੀਤ ਸੀਬੂ, ਸਿਮਰਨ ਸੀਬੂ ਅਤੇ ਅਮਰੀਕ ਸਿੰਘ ਸੰਧੂ ਹਾਜ਼ਰ ਸਨ।