ਲਾਹੌਰ (ਵਿਕਰਮ ਸਹਿਜਪਾਲ) : ਇਕ ਦਿਨ ਲਈ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਆਪਣਾ ਪਾਕਿਸਤਾਨ ਦੌਰਾ ਟਾਲ ਦਿੱਤਾ ਸੀ। ਹੁਣ ਉਹ ਪਾਕਿਸਤਾਨ ਦੇ ਆਪਣੇ ਪਹਿਲੇ ਦੌਰੇ 'ਤੇ ਐਤਵਾਰ ਨੂੰ ਇਸਲਾਮਾਬਾਦ ਪਹੁੰਚਣਗੇ। ਵਿਦੇਸ਼ ਦਫਤਰ ਮੁਤਾਬਕ ਸਾਊਦੀ ਕ੍ਰਾਊਨ ਪ੍ਰਿੰਸ ਦਾ ਪਹਿਲਾਂ ਸ਼ਨੀਵਾਰ ਨੂੰ ਇਸਲਾਮਾਬਾਦ ਪਹੁੰਚਣ ਦਾ ਪ੍ਰੋਗਰਾਮ ਸੀ ਪਰ ਕੁਝ ਮਾਮੂਲੀ ਤਬਦੀਲੀ ਕਾਰਨ ਉਹ ਐਤਵਾਰ ਨੂੰ ਦੋ ਦਿਨੀਂ ਦੌਰੇ 'ਤੇ ਆਉਣਗੇ। ਭਾਵੇਂਕਿ ਪਾਕਿਸਤਾਨ ਵਿਚ ਉਨ੍ਹਾਂ ਦੇ ਪ੍ਰੋਗਰਾਮਾਂ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ।

ਇਸ ਵਿਚਕਾਰ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਬਦੁੱਲ ਰਜ਼ਾਕ ਨੇ ਕਿਹਾ ਕਿ ਸਾਊਦੀ ਕ੍ਰਾਊਨ ਪ੍ਰਿੰਸ ਦੀ ਯਾਤਰਾ ਦੌਰਾਨ 10-15 ਅਰਬ ਡਾਲਰ ਦੇ ਨਿਵੇਸ਼ ਸਮਝੌਤਿਆਂ 'ਤੇ ਦਸਤਖਤ ਕੀਤੇ ਜਾਣਗੇ। ਦਸਣਯੋਗ ਹੈ ਕਿ ਇਕ ਅੰਗਰੇਜ਼ੀ ਅਖਬਾਰ ਮੁਤਾਬਕ ਕ੍ਰਾਊਨ ਪ੍ਰਿੰਸ ਸਲਮਾਨ ਨੂੰ ਸਰਵ ਉੱਚ ਨਾਗਰਿਕ ਸਨਮਾਨ ਮਿਸ਼ਨ-ਏ-ਪਾਕਿਸਤਾਨ ਦਿੱਤਾ ਜਾਵੇਗਾ। ਸਲਮਾਨ ਡਿਪਟੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਵੀ ਹਨ। ਇਸ ਯਾਤਰਾ ਦੌਰਾਨ ਸਲਮਾਨ ਸੋਮਵਾਰ ਨੂੰ ਅਫਗਾਨ-ਤਾਲਿਬਾਨ ਦੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ।



