ਆਪਸੀ ਮਤਭੇਦਾਂ ਵਿਚਕਾਰ ਫਸੀ ਕਾਂਗਰਸੀ ਉਮੀਦਵਾਰਾਂ ਦੀ ਦੂਜੀ ਸੂਚੀ!

by jaskamal

ਨਿਊਜ਼ ਡੈਸਕ (ਜਸਕਮਲ) : ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਚੋਣਾਂ ਲਈ ਦੂਜੀ ਸੂਚੀ ਤਿਆਰ ਕਰਨ ਲਈ ਸਬ-ਕਮੇਟੀ ਨੂੰ ਅਧਿਕਾਰ ਦਿੱਤੇ ਹਨ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰੀ ਚੋਣ ਕਮੇਟੀ ਦੀ ਪਹਿਲੀ ਮੀਟਿੰਗ 'ਚ ਕੁਝ ਵਿਧਾਇਕਾਂ ਦੀ ਟਿਕਟ ਸਬੰਧੀ ਪਏ ਰੱਫੜ ਦੇ ਨਿਪਟਾਰੇ ਲਈ ਇਕ ਸਬ-ਕਮੇਟੀ ਬਣਾਈ ਸੀ, ਜਿਸ 'ਚ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਅੰਬਿਕਾ ਸੋਨੀ, ਅਜੇ ਮਾਕਨ ਤੇ ਹਰੀਸ਼ ਚੌਧਰੀ ਆਦਿ ਸ਼ਾਮਲ ਹਨ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਕਰ ਕੇ ਬੀਤੀੀ ਰਾਤ ਹੀ ਵਿਦੇਸ਼ ਤੋਂ ਦਿੱਲੀ ਪੁੱਜੇ ਸਨ।

ਅੱਜ ਕੇਂਦਰੀ ਚੋਣ ਕਮੇਟੀ ਦੀ ਵਰਚੁਅਲ ਮੀਟਿੰਗ ਸੋਨੀਆ ਗਾਂਧੀ ਦੀ ਅਗਵਾਈ ਹੇਠ ਹੋਈ ਪਰ ਇਸ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੁੜ ਨਹੀਂ ਸਕੇ। ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਮੀਟਿੰਗ 'ਚ ਦੱਸਿਆ ਕਿ ਮੁੱਖ ਮੰਤਰੀ ਚੰਨੀ ਅੱਜ ਚੋਣ ਪ੍ਰਚਾਰ ਲਈ ਗਏ ਹੋਏ ਸਨ ਪਰ ਮੌਸਮ ਦੀ ਖਰਾਬੀ ਕਰਕੇ ਉਹ ਵਰਚੁਅਲ ਮੀਟਿੰਗ ਨਾਲ ਜੁੜਨ ਤੋਂ ਅਸਮਰੱਥ ਹਨ। ਕਈ ਆਗੂਆਂ ਨੇ ਹੈਰਾਨੀ ਵੀ ਪ੍ਰਗਟਾਈ ਕਿ ਵਰਚੁਅਲ ਮੀਟਿੰਗ ਵਿੱਚ ਕਿਤੋਂ ਵੀ ਜੁੜਿਆ ਜਾ ਸਕਦਾ ਹੈ ਤੇ ਇਸ ਨੂੰ ਲੈ ਕੇ ਕਈ ਸ਼ੰਕੇ ਵੀ ਖੜ੍ਹੇ ਹੋਏ। ਇਸ ਦੌਰਾਨ ਕਾਂਗਰਸੀ ਆਗੂ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਦੀ ਗੈਰ-ਮੌਜੂਦਗੀ 'ਚ ਟਿਕਟਾਂ ਦਾ ਫ਼ੈਸਲਾ ਲੈਣਾ ਵਾਜ਼੍ਹਬ ਨਹੀਂ ਸਮਝਿਆ ਤੇ ਮੌਕੇ ’ਤੇ ਹੀ ਸਬ ਕਮੇਟੀ ਨੂੰ ਇਹ ਅਧਿਕਾਰ ਦੇ ਦਿੱਤੇ।

ਸੂਤਰਾਂ ਮੁਤਾਬਕ ਹੁਣ ਸਬ ਕਮੇਟੀ ਵੱਲੋਂ ਮੁੱਖ ਮੰਤਰੀ ਨਾਲ ਮਸ਼ਵਰਾ ਕਰ ਕੇ 31 ਉਮੀਦਵਾਰਾਂ ਨੂੰ ਹਰੀ ਝੰਡੀ ਦਿੱਤੀ ਜਾਵੇਗੀ ਅਤੇ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੁਣ ਦੁਬਾਰਾ ਨਹੀਂ ਹੋਵੇਗੀ। ਪਤਾ ਲੱਗਾ ਹੈ ਕਿ ਕੁਝ ਹਲਕਿਆਂ ਨੂੰ ਲੈ ਕੇ ਪ੍ਰਮੁੱਖ ਆਗੂਆਂ ਦੀ ਆਪਸੀ ਸਹਿਮਤੀ ਨਹੀਂ ਬਣ ਰਹੀ ਹੈ।