ਸਿਪਾਹੀ ਭਰਤੀ ‘ਚ ਘਪਲੇੇਬਾਜ਼ੀ ਖ਼ਿਲਾਫ਼ ਜਲੰਧਰ ਦੇ ਪੀਏਪੀ ਚੌਕ ’ਚ ਗੱਜੇ ਸੂਬੇ ਭਰ ਦੇ ਨੌਜਵਾਨ; ਲੱਗਾ ਜਾਮ

by jaskamal

ਨਿਊਜ਼ ਡੈਸਕ (ਜਲੰਧਰ) : ਪੰਜਾਬ ਪੁਲਿਸ ਸਿਪਾਹੀ ਭਰਤੀ ’ਚ ਕਥਿਤ ਘਪਲੇਬਾਜ਼ੀ ਖ਼ਿਲਾਫ਼ ਸੂਬੇ ਭਰ ’ਚੋਂ ਆਏ ਨੌਜਵਾਨਾਂ ਨੇ ਪੀਏਪੀ ਚੌਕ ’ਚ ਅੱਜ ਦੂਜੇ ਦਿਨ ਵੀ ਪ੍ਰਦਰਸ਼ਨ ਕੀਤਾ। ਇਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਤੇ ਸਾਰੇ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਪਹਿਲਾਂ ਦੋ ਘੰਟੇ ਬੱਸਾਂ ਬੰਦ ਰਹਿਣ ਕਾਰਨ ਤੇ ਉਸ ਤੋਂ ਬਾਅਦ ਇਸ ਪ੍ਰਦਰਸ਼ਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਏਡੀਜੀਪੀ ਨਾਲ ਗੱਲਬਾਤ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਰੋਸ ਧਰਨਾ ਅਗਲੇ ਸੰਘਰਸ਼ ਤੱਕ ਸਮਾਪਤ ਕਰ ਦਿੱਤਾ।

ਸੰਯੁਕਤ ਪੀਪੀ ਬੇਰੁਜ਼ਗਾਰ ਸੰਘਰਸ਼ ਮੋਰਚੇ ਦੇ ਕਨਵੀਨਰ ਕਿਰਪਾਲ ਸਿੰਘ, ਕੋ-ਕਨਵੀਨਰ ਗੁਰਸੇਵਕ ਸਿੰਘ ਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ ਤੇ ਜਸਕਰਨ ਆਜ਼ਾਦ ਨੇ ਦੱਸਿਆ ਕਿ ਸਿਪਾਹੀ ਭਰਤੀ ਦੇ ਕਥਿਤ ਘਪਲੇਬਾਜ਼ੀ ਤੋਂ ਭੜਕੇ ਨੌਜਵਾਨਾਂ ਨੇ ਅੱਜ ਦੁਬਾਰਾ ਪੀਏਪੀ ਚੌਕ 'ਚ ਧਰਨਾ ਪ੍ਰਦਰਸ਼ਨ ਕੀਤਾ। ਧਰਨੇ ਦੇ ਦਬਾਅ ਹੇਠ ਪ੍ਰਸ਼ਾਸਨ ਵੱਲੋਂ ਏਡੀਜੀਪੀ ਨਾਲ ਧਰਨਾਕਾਰੀਆਂ ਦੀ ਫੌਰੀ ਮੀਟਿੰਗ ਕਰਵਾਈ ਗਈ।

ਮੀਟਿੰਗ 'ਚ ਮੰਗਾਂ ’ਤੇ ਵਿਚਾਰ-ਚਰਚਾ ਤੋਂ ਬਾਅਦ ਪ੍ਰਸ਼ਾਸਨ ਨੇ ਧਰਨਾਕਾਰੀਆਂ ਦੀ ਮੀਟਿੰਗ ਸਬੰਧਤ ਕੈਬਨਿਟ ਮੰਤਰੀ ਨਾਲ ਕਰਾਉਣ ਦਾ ਭਰੋਸਾ ਦਿੱਤਾ ਕਿ ਜੋ ਤਕਨੀਕੀ ਖਾਮੀਆਂ ਹਨ ਉਹ ਵੀ ਦੂਰ ਕੀਤੀਆਂ ਜਾਣਗੀਆਂ। ਇਸ ਉਪਰੰਤ ਧਰਨਾਕਾਰੀਆਂ ਨੇ ਅਗਲੇ ਸੰਘਰਸ਼ ਤਕ ਧਰਨਾ ਸਮਾਪਤ ਕਰ ਦਿੱਤਾ।