ਸ਼ਹਿਰ ਵਿਚੋਂ ਬੇਸਹਾਰਾ ਪਸ਼ੂਆਂ ਨੂੰ ਫੜਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ

by mediateam

ਕਪੂਰਥਲਾ : ਸ਼ਹਿਰ ਨੂੰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਵੱਲ ਜ਼ਿਲਾ ਪ੍ਰਸ਼ਾਸਨ ਨੇ ਇਕ ਵੱਡਾ ਕਦਮ ਪੁੱਟਦਿਆਂ ਅੱਜ ਬੇਸਹਾਰਾ ਪਸ਼ੂਆਂ ਨੂੰ ਫੜਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਚਾਰ ਰੋਜ਼ਾ ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਅੱਜ ਸਵੇਰੇ ਸਬਜ਼ੀ ਮੰਡੀ ਤੋਂ ਕੀਤੀ। ਇਸ ਦੌਰਾਨ ਗਠਿਤ ਕੀਤੀਆਂ ਗਈਆਂ ਟੀਮਾਂ ਨੇ ਵੱਖ-ਵੱਖ ਚਾਰ ਪੁਆਇੰਟਾਂ ਤੋਂ ਪਹਿਲੇ 100 ਤੋਂ ਵੱਧ ਪਸ਼ੂਆਂ ਨੂੰ ਫੜ ਕੇ ਕਮਾਲਪੁਰ ਗਊਸ਼ਾਲਾ ਭੇਜਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਕਪੂਰਥਲਾ ਵਿਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਸਥਾਈ ਹੱਲ ਹੋਣ ਜਾ ਰਿਹਾ ਹੈ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਹੁਣ ਕੋਈ ਵੀ ਆਵਾਰਾ ਪਸ਼ੂ ਘੁੰਮਦਾ ਨਜ਼ਰ ਨਹੀਂ ਆਵੇਗਾ। 

ਉਨਾਂ ਦੱਸਿਆ ਕਿ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸ਼ਹਿਰ ਵਿਚੋਂ ਅਵਾਰਾ ਪਸ਼ੂਆਂ ਨੂੰ ਫੜਨ ਲਈ 21 ਜੂਨ ਤੱਕ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪਸ਼ੂਆਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸ਼ਹਿਰ ਦੇ ਚਾਰ ਪੁਆਇੰਟਾਂ ਤੋਂ ਪਸ਼ੂਆਂ ਨੂੰ ਫੜ ਰਹੀਆਂ ਹਨ, ਜਿਨਾਂ ਵਿਚ ਸਬਜ਼ੀ ਮੰਡੀ, ਜਲੌਖਾਨਾ, ਮਸੀਤ ਚੌਕ ਅਤੇ ਅੰਮ੍ਰਿਤਸਰ ਚੁੰਗੀ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸ਼ਹਿਰ ਦੇ ਸਾਰੇ ਆਵਾਰਾ ਪਸ਼ੂਆਂ ਨੂੰ ਫੜ ਕੇ ਕਮਾਲਪੁਰ ਗਊਸ਼ਾਲਾ ਲਿਆਂਦਾ ਜਾਵੇਗਾ, ਜਿਥੇ ਇਨਾਂ ਦੀ ਸਾਂਭ-ਸੰਭਾਲ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। 

ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਉਹ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਣ ਅਤੇ ਉਨਾਂ ਨੂੰ ਇਕੱਲਿਆਂ ਬਾਹਰ ਨਾ ਨਿਕਲਣ ਦੇਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਤਹਿਸੀਲਦਾਰ ਸ. ਮਨਵੀਰ ਸਿੰਘ ਢਿੱਲੋਂ, ਸ. ਮਨਜੀਤ ਸਿੰਘ ਨਿੱਝਰ, ਈ. ਓ ਸ੍ਰੀ ਆਦਰਸ਼ ਸ਼ਰਮਾ, ਨਗਰ ਕੌਂਸਲ ਦੇ ਉੱਪ ਪ੍ਰਧਾਨ ਸ. ਦਵਿੰਦਰ ਪਾਲ ਸਿੰਘ ਰੰਗਾ, ਸ੍ਰੀ ਨਰਿੰਦਰ ਸਿੰਘ ਮਨਸੂ, ਸ੍ਰੀ ਵਿਨੋਦ ਸੂਦ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸ੍ਰੀ ਸਾਹਿਲ ਓਬਰਾਏ ਤੇ ਹੋਰ ਹਾਜ਼ਰ ਸਨ। 

More News

NRI Post
..
NRI Post
..
NRI Post
..