ਵੈੱਬ ਡੈਸਕ (ਵਿਕਰਮ ਸਹਿਜਪਾਲ) : ਬੈਂਗਲੁਰੂ ਦਾ ਇਕ ਫੂਡ ਐਪ Swiggy ਦੇ ਡਿਲਿਵਰੀ ਬੁਆਏ ਵੱਲੋਂ ਇਕ ਲੜਕੀ ਨਾਲ ਮਾੜਾ ਸਲੂਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਰਾਜ਼ ਲੜਕੀ ਨੇ ਜਦੋਂ ਕੰਪਨੀ ਦੇ ਕਾਲ ਸੈਂਟਰ 'ਤੇ ਫੋਨ ਕਰ ਕੇ ਸ਼ਿਕਾਇਤ ਦਰਜ ਕਰਵਾਈ ਤਾਂ ਕੰਪਨੀ ਨੇ ਉਨ੍ਹਾਂ ਨੂੰ 200 ਰੁਪਏ ਦੇ ਕੂਪਨ ਨਾਲ ਮੁਆਫੀਨਾਮਾ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਲੜਕੀ ਦੀ ਡਿਲਿਵਰੀ ਬੁਆਏ ਨਾਲ ਬਹਿਸ ਹੋ ਗਈ। ਉਸ ਨੇ ਲੜਕੀ ਨੂੰ ਗਾਲ੍ਹਾਂ ਕੱਢੀਆਂ। ਲੜਕੀ ਦੇ ਵਿਰੋਧ ਤੋਂ ਬਾਅਦ ਵੀ ਡਿਲਿਵਰੀ ਬੁਆਏ ਦੀਆਂ ਹਰਕਤਾਂ ਨਹੀਂ ਰੁਕੀਆਂ ਤਾਂ ਉਸ ਨੇ ਇਤਰਾਜ਼ਯੋਗ ਹਰਕਤ ਕਰਨ ਦੀ ਵੀ ਕੋਸ਼ਿਸ਼ ਕੀਤੀ। ਲੜਕੀ ਨੇ ਡਿਲਿਵਰੀ ਬੁਆਏ ਵੱਲੋਂ ਕੀਤੇ ਗਏ ਮਾੜੇ ਸਲੂਕ ਬਾਰੇ ਆਪਣੇ ਫੇਸਬੁੱਕ ਪੋਸਟ 'ਤੇ ਵੀ ਲਿਖਿਆ ਹੈ। ਫੇਸਬੁੱਕ ਪੋਸਟ ਮੁਤਾਬਕ ਲੜਕੀ ਨੇ ਵੀਰਵਾਰ ਨੂੰ Swiggy ਐਪ ਜ਼ਰੀਏ ਖਾਣਾ ਆਰਡਰ ਕੀਤਾ ਸੀ। ਕੁਝ ਦੇਰ ਬਾਅਦ Swiggy ਦਾ ਡਿਲਿਵਰੀ ਬੁਆਏ ਉਨ੍ਹਾਂ ਦਾ ਆਰਡਰ ਲੈ ਕੇ ਘਰ ਪਹੁੰਚ ਗਿਆ।
ਲੜਕੀ ਸ਼ਾਇਦ ਉਸ ਸਮੇਂ ਘਰ 'ਚ ਇਕੱਲੀ ਸੀ। ਇਸ ਗੱਲ ਦਾ ਫ਼ਾਇਦਾ ਉਠਾ ਕੇ ਡਿਲਿਵਰੀ ਬੁਆਏ ਨੇ ਉਸ ਨਾਲ ਮਾੜਾ ਸਲੂਕ ਸ਼ੁਰੂ ਕਰ ਦਿੱਤਾ। ਉਸ ਨੇ ਲੜਕੀ ਨਾਲ ਅਸ਼ਲੀਲ ਹਰਕਤ ਕਰਨ ਦੀ ਵੀ ਕੋਸ਼ਿਸ਼ ਕੀਤੀ। ਲੜਕੀ ਮੁਤਾਬਕ, ਡਿਲਿਵਰੀ ਬੁਆਏ ਨੇ ਪਹਿਲੀ ਵਾਰੀ ਉਸ ਨਾਲ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਤਾਂ ਉਹ ਸਹੀ ਨਾਲ ਸੁਣ ਅਤੇ ਸਮਝ ਨਹੀਂ ਸਕੀ। ਇਸ ਤੋਂ ਬਾਅਦ ਡਿਲਿਵਰੀ ਬੁਆਏ ਨੇ ਦੁਬਾਰਾ ਜਦੋਂ ਉਸ ਨਾਲ ਇਤਰਾਜ਼ਯੋਗ ਭਾਸ਼ਾ 'ਚ ਗੱਲ ਕੀਤੀ ਤਾਂ ਉਸ ਦੇ ਹੋਸ਼ ਉੱਡ ਗਏ। ਲੜਕੀ ਮੁਤਾਬਕ, ਇਸ ਤੋਂ ਬਾਅਦ ਕੰਪਨੀ ਵੱਲੋਂ ਉਨ੍ਹਾਂ ਨੂੰ ਲਿਖਤੀ 'ਚ ਇਕ ਮੁਆਫ਼ੀਨਾਮਾ ਭੇਜਿਆ ਗਿਆ। ਨਾਲ ਹੀ ਕੰਪਨੀ ਨੇ ਉਨ੍ਹਾਂ ਨੂੰ 200 ਰੁਪਏ ਦਾ ਇਕ ਫੂਡ ਕੂਪਨ ਵੀ ਭੇਜਿਆ ਹੈ। ਕੰਪਨੀ ਨੇ ਲੜਕੀ ਦੇ ਫੇਸਬੁੱਕ ਪੋਸਟ 'ਤੇ ਇਸ ਘਟਨਾ ਦੀ ਨਿੰਦਾ ਕੀਤੀ।



