ਮੀਟਿੰਗ ‘ਚ ਜਾ ਰਹੇ ਇਸ ਕਾਂਗਰਸੀ ਆਗੂ ਦੀ ਗੱਡੀ ਘੇਰ ਕੇ ਹਮਲਾਵਰਾਂ ਨੇ ਕੀਤੀ ਕੁੱਟਮਾਰ

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਵਿਧਾਨ ਸਭਾ ਚੋਣਾਂ ਜਿਓਂ-ਜਿਓਂ ਨਜ਼ਦੀਕ ਆ ਰਹੀਆਂ ਹਨ ਓਵੇਂ-ਓਵੇਂ ਸਿਆਸੀ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ। ਇਸ ਦਰਮਿਆਨ ਕਈ ਆਗੂ ਆਪਸ ਵਿਚ ਭਿੜਦੇ ਦਿਖਾਈ ਦੇ ਰਹੇ ਹਨ ਤੇ ਕਈਆਂ ਦੀ ਗੱਲ ਹੱਥੋ-ਪਾਈ ਤਕ ਵੀ ਪਹੁੰਚ ਰਹੀ ਹੈ। ਇਸੇ ਤਰ੍ਹਾਂ ਦਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਕਾਂਗਰਸੀ ਆਗੂ ’ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਥਾਣਾ ਬਰਨਾਲਾ ਦੇ ਪੁਲਸ ਅਧਿਕਾਰੀ ਅਜੈਬ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਬਿਆਨ ਦਰਜ ਕਰਵਾਏ ਕਿ ਉਹ ਸੇਖਾ ਵਿਖੇ ਕਿਸੇ ਮੀਟਿੰਗ 'ਚ ਜਾ ਰਿਹਾ ਸੀ ਤਾਂ ਖੰਡੂ, ਗੁਰੀ, ਕਾਲੀ ਵਾਸੀਆਨ ਸੇਖਾ ਤੇ ਹੋਰ ਪੰਜ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੱਡੀ ਘੇਰ ਕੇ ਹਮਲਾ ਕਰ ਦਿੱਤਾ ਤੇ ਗੱਡੀ ਦਾ ਵੀ ਨੁਕਸਾਨ ਕੀਤਾ। ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।