ਫਰੀਦਕੋਟ : SIT ਵੱਲੋਂ ਪਹਿਲਾਂ ਬਹਿਬਲਕਲਾਂ ਅਤੇ ਹੁਣ ਕੋਟਕਪੂਰਾ ਗੋਲੀਕਾਂਡ ਵਿਚ ਗ੍ਰਿਫਤਾਰ ਅਤੇ 2 ਦਿਨਾ ਪੁਲਿਸ ਰਿਮਾਂਡ 'ਤੇ ਚੱਲ ਰਹੇ ਮੋਗਾ ਦੇ ਸਾਬਕਾ SSP ਚਰਨਜੀਤ ਸ਼ਰਮਾ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਣ 'ਤੇ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ ਮਾਨਯੋਗ ਅਦਾਲਤ ਨੇ 3 ਅਪ੍ਰੈਲ ਤਕ ਨਿਆਂਇਕ ਹਿਰਾਸਤ 'ਤੇ ਜੇਲ੍ਹ ਭੇਜ ਦਿੱਤਾ ਹੈ। ਇਸ ਮੌਕੇ ਜਿਥੇ ਪੀੜਤ ਪਰਿਵਾਰਾਂ ਨੇ SIT ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਉੱਥੇ ਚਰਨਜੀਤ ਸ਼ਰਮਾ ਦੇ ਵਕੀਲ ਨੇ ਵੀ SIT ਦੀ ਕਾਰਵਾਈ ਨੂੰ ਗਲਤ ਦੱਸਿਆ।2 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ 'ਤੇ SIT ਨੇ ਚਰਨਜੀਤ ਸ਼ਰਮਾ ਨੂੰ ਅੱਜ ਜਸਟਿਸ ਏਕਤਾ ਉੱਪਲ ਦੀ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਮਾਨਯੋਗ ਅਦਾਲਤ ਨੇ ਉਨ੍ਹਾਂ ਨੂੰ 3 ਅਪ੍ਰੈਲ ਤਕ ਨਿਆਂਇਕ ਹਿਰਾਸਤ 'ਤੇ ਜੇਲ੍ਹ ਭੇਜ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਚਰਨਜੀਤ ਸ਼ਰਮਾ ਦੇ ਵਕੀਲ ਨਰਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਉਹ ਇਸ ਮਾਮਲੇ ਵਿਚ ਜ਼ਮਾਨਤ ਲਈ ਆਪਣੀ ਚਾਰਾਜੋਈ ਕਰਨਗੇ। ਉਨ੍ਹਾਂ ਕਿਹਾ ਕਿ SIT ਸਹੀ ਜਾਂਚ ਨਹੀਂ ਕਰ ਰਹੀ।ਇਸ ਮੌਕੇ ਪੀੜਤ ਪਰਿਵਾਰ ਦੇ ਸੁਖਰਾਜ ਸਿੰਘ ਨੇ ਕਿਹਾ ਕਿ ਲਗਦਾ ਹੈ SIT ਹੁਣ ਮਾਮਲੇ ਨੂੰ ਲਟਕਾ ਰਹੀ ਹੈ ਕਿਉਂਕਿ ਨਾ ਤਾਂ SIT ਨੇ ਹਾਲੇ ਤਕ ਮਨਤਾਰ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਾ ਹੀ ਕੋਈ ਹੋਰ ਅੱਗੇ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਨਾਮਜ਼ਦ ਪੁਲਿਸ ਅਧਿਕਾਰੀ ਜ਼ਮਾਨਤਾਂ ਕਰਵਾ ਰਹੇ ਹਨ ਜਿਸ ਕਾਰਨ ਇਨਸਾਫ਼ ਦੀ ਉਮੀਦ ਘਟ ਰਹੀ ਹੈ।



