ਚੋਣ ਜ਼ਾਬਤਾ ਲਾਉਣ ਦੀ ਤਿਆਰੀ ‘ਚ ਚੋਣ ਕਮਿਸ਼ਨ, ਮੁੱਖ ਚੋਣ ਅਧਿਕਾਰੀ ਨੇ ਦਿੱਤੀਆਂ ਇਹ ਹਦਾਇਤਾਂ…

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ। ਇਕ ਪਾਸੇ ਜਿਥੇ ਸਿਆਸੀ ਪਾਰਟੀਆਂ ਵੀ ਆਪਣਾ ਪ੍ਰਚਾਰ ਕਰਨ ਲਈ ਪੂਰੀ ਤਰ੍ਹਾਂ ਸਰਗਮਰਮ ਹਣ। ਉਥੇ ਹੀ ਦੂਜੇ ਪਾਸੇ ਚੋਣਾਂ ਨੂੰ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹਾਉਣ ਲਈ ਚੋਣ ਕਮਿਸ਼ਨ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਤਿਆਰੀਆਂ ਤਕਰੀਬਨ ਪੂਰੀਆਂ ਕਰ ਲਈਆਂ ਹਨ। ਇਸ ਸਬੰਧੀ ਪੰਜਾਬ ਦੇ ਮੁੱਖ ਚੋਣ ਅਫਸਰ, ਡਾ. ਐੱਸ ਕਰੁਣਾ ਰਾਜੂ ਨੇ ਕਿਹਾ ਕਿ ਪੋਲਿੰਗ ਬੂਥਾਂ ਨੂੰ ਤਰਕਸੰਗਤ ਬਣਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ, ਵੋਟਰ ਸੂਚੀ ਆਪਣੇ ਅੰਤਿਮ ਪੜਾਅ 'ਤੇ ਹੈ ਤੇ 80 ਫੀਸਦੀ ਸਹਾਇਕ ਰਿਟਰਨਿੰਗ ਅਫਸਰਾਂ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਦੀ ਨਿਗਰਾਨੀ ਕਰਨ ਲਈ ਆਪਣੀ ਸਿਖਲਾਈ ਲੈ ਲਈ ਹੈ।

ਪੰਜਾਬ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕੋਵਿਡ-19 ਨੂੰ ਧਿਆਨ 'ਚ ਰੱਖਦੇ ਹੋਏ, ਸੁਰੱਖਿਅਤ ਤੇ ਵਾਤਾਵਰਣ ਪੱਖੀ ਚੋਣਾਂ ਕਰਵਾਈਆਂ ਜਾਣਗੀਆਂ। ਸਿਹਤ ਸਕੱਤਰ ਨਾਲ ਸਿਹਤ ਸਥਿਤੀ ਸਬੰਧੀ ਤਾਲਮੇਲ ਜਾਰੀ ਹੈ। ਸਾਰੀਆਂ ਚੋਣ ਪਾਰਟੀਆਂ ਦਾ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ ਤੇ ਕੋਵਿਡ-ਸਬੰਧਤ ਬਾਇਓ-ਵੇਸਟ ਸਮੱਗਰੀ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ।

ਪੰਜਾਬ ਮੁੱਖ ਚੋਣ ਅਧਿਕਾਰੀ ਨੇ ਕਿਹਾ ਹੈ ਕਿ ਕੁੱਲ 2.12 ਕਰੋੜ ਵੋਟਰਾਂ 'ਚ, ਅਸੀਂ ਖਾਸ ਤੌਰ 'ਤੇ ਵੋਟਰ ਸੂਚੀ 'ਚ ਹੋਰ ਟਰਾਂਸਜੈਂਡਰਾਂ ਨੂੰ ਸ਼ਾਮਲ ਕਰਨ 'ਤੇ ਧਿਆਨ ਦਿੱਤਾ ਹੈ। 24,000 ਤੋਂ ਵੱਧ ਬੂਥ ਬਣਾਏ ਗਏ ਹਨ। ਇਸ ਤਰ੍ਹਾਂ ਰਾਜ ਦੀ ਸੁਰੱਖਿਆ ਯੋਜਨਾ ਤਿਆਰ ਕੀਤੀ ਗਈ ਹੈ, ਸਾਡੀਆਂ ਜ਼ਰੂਰਤਾਂ ਚੋਣ ਕਮਿਸ਼ਨ ਨੂੰ ਦੱਸੀਆਂ ਗਈਆਂ ਹਨ।