ਤਰਨਤਾਰਨ : ਪਿੰਡ ਨੌਸ਼ਹਿਰਾ ਪਨੂੰਆਂ ਵਿਖੇ ਸ਼ੁੱਕਰਵਾਰ ਸ਼ਾਮ ਨੂੰ ਜ਼ਮੀਨ ਦੇ ਝਗੜੇ 'ਚ ਰਿਸ਼ਤੇਦਾਰਾਂ ਨੇ ਇਕ ਔਰਤ ਨੂੰ ਉਸ ਦੇ ਪੁੱਤਰ ਤੇ ਨੂੰਹ ਸਾਹਮਣੇ ਨਿਰਵਸਤਰ ਕਰ ਕੇ ਕੁੱਟਿਆ। ਪੁਲਿਸ ਨੇ ਇਸ ਮਾਮਲੇ 'ਚ ਸ਼ਨਿਚਰਵਾਰ ਨੂੰ ਤਿੰਨ ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਔਰਤ ਦਾ ਇਕ ਪੁੱਤਰ ਵਿਦੇਸ਼ ਵਿਚ ਰਹਿੰਦਾ ਹੈ ਜਦਕਿ ਛੋਟਾ ਪੁੱਤਰ ਤੇ ਨੂੰਹ ਉਸ ਦੇ ਨਾਲ ਰਹਿੰਦੇ ਹਨ।ਨੌਸ਼ਹਿਰਾ ਪਨੂੰਆਂ ਦੀ ਰਹਿਣ ਵਾਲੀ ਉਕਤ ਔਰਤ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦੀ 15 ਕਨਾਲ 14 ਮਰਲੇ ਜ਼ਮੀਨ ਹੈ।
ਇਸ ਜ਼ਮੀਨ 'ਚੋਂ 13 ਕਨਾਲ 14 ਮਰਲੇ ਦਾ ਕੇਸ ਪਿੰਡ ਦੇ ਹੀ ਅਮਰ ਸਿੰਘ ਨੇ ਅਦਾਲਤ ਵਿਚ ਕੀਤਾ ਹੋਇਆ ਹੈ। ਪੀੜਤਾ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਛੇ ਵਜੇ ਉਹ ਆਪਣੇ ਘਰ ਹੀ ਸੀ। ਘਰ ਦੇ ਨੇੜੇ ਹੀ ਵਿਵਾਦਮਈ ਜ਼ਮੀਨ ਹੈ। ਔਰਤ ਨੇ ਦੋਸ਼ ਲਾਇਆ ਕਿ ਬਚਿੱਤਰ ਸਿੰਘ, ਬਾਸ਼ਾ ਸਿੰਘ, ਜਰਨੈਲ ਸਿੰਘ, ਫੌਜਾ ਸਿੰਘ, ਗੁਰਪ੍ਰਰੀਤ ਸਿੰਘ, ਹਰਪ੍ਰੀਤ ਸਿੰਘ ਤੇ ਗੁਰਬਚਨ ਸਿੰਘ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ਆਏ ਤੇ ਉਨ੍ਹਾਂ ਨੇ ਜ਼ਮੀਨ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ। ਜਦੋਂ ਉਸ ਨੇ ਰੋਕਿਆ ਤਾਂ ਉਨ੍ਹਾਂ ਨੇ ਉਸ ਨੂੰ ਨਿਰਵਸਤਰ ਕਰ ਕੇ ਕੁੱਟਿਆ।
ਇਸ ਦੌਰਾਨ ਉਸ ਦੇ ਖੱਬੀ ਬਾਂਹ 'ਤੇ ਸੱਟ ਲੱਗ ਗਈ। ਮਾਂ ਦੇ ਬਚਾਅ ਵਿਚ ਆਏ ਪੁੱਤਰ ਤੇ ਨੂੰਹ ਨਾਲ ਵੀ ਹਮਲਾਵਰਾਂ ਨੇ ਮਾਰਕੁੱਟ ਕੀਤੀ। ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਹਮਲਾਵਰ ਮੌਕੇ ਤੋਂ ਭੱਜ ਗਏ। ਡੀਐੱਸਪੀ ਆਜ਼ਾਦ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।



