ਦੂਜਾ ਜਲਿਆਂਵਾਲਾ ਬਾਗ ਕਾਂਡ ਹੈ ਹਰਿਆਣਾ ‘ਚ ਕਿਸਾਨਾਂ ਤੇ ਲਾਠੀਚਾਰਜ : ਊਧਵ ਠਾਕਰੇ

by vikramsehajpal
ਮੁੰਬਈ (ਦੇਵ ਇੰਦਰਜੀਤ) : ਸ਼ਿਵ ਸੈਨਾ ਨੇ ਹਰਿਆਣਾ ਦੇ ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ‘ਦੂਜਾ ਜਲਿਆਂਵਾਲਾ ਬਾਗ’ ਕਾਂਡ ਕਰਾਰ ਦਿੱਤਾ ਹੈ। ਸ਼ਿਵ ਸੈਨਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਹੁਣ ਸੱਤਾ ’ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਦੇ ਸੰਪਾਦਕੀ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮ੍ਰਿਤਸਰ ’ਚ ਸੁੰਦਰੀਕਰਨ ਕੀਤੇ ਗਏ ਜਲਿਆਂਵਾਲਾ ਬਾਗ ਕੰਪਲੈਕਸ ਦਾ ਉਦਘਾਟਨ ਕਰ ਰਹੇ ਸਨ, ਤਾਂ ਹਰਿਆਣਾ ਵਿਚ ਦੂਜਾ ਜਲਿਆਂਵਾਲਾ ਬਾਗ ਕਾਂਡ ਹੋ ਰਿਹਾ ਸੀ। ਸੰਪਾਦਕੀ ਵਿਚ ਕਿਹਾ ਗਿਆ ਕਿ ਸਰਕਾਰ ਵਲੋਂ ਬਿਜੇ ਜਾ ਰਹੇ ਬੇਰਹਿਮੀ ਦੇ ਬੀਜ ਖੱਟੇ ਫ਼ਲ ਹੀ ਦੇਣਗੇ। ਇਹ ਪੱਕਾ ਹੈ ਕਿ ਖੱਟੜ ਦੀ ਸਰਕਾਰ ਨੂੰ ਸੱਤਾ ’ਚ ਬਣੇ ਰਹਿਣ ਦਾ ਹੁਣ ਕੋਈ ਅਧਿਕਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੀ ਇਕ ਬੈਠਕ ਦੇ ਵਿਰੋਧ ਵਿਚ ਕਰਨਾਲ ਵੱਲ ਜਾਂਦੇ ਹੋਏ, ਨੈਸ਼ਨਲ ਹਾਈਵੇਅ ’ਤੇ ਆਵਾਜਾਈ ਠੱਪ ਕਰਨ ਵਾਲੇ ਕਿਸਾਨਾਂ ’ਤੇ ਸ਼ਨੀਵਾਰ ਨੂੰ ਪੁਲਸ ਨੇ ਲਾਠੀਚਾਰਜ ਕੀਤਾ ਸੀ, ਜਿਸ ’ਚ ਕਈ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਰਿਆਣਾਂ ਵਿਚ ਕਿਸਾਨਾਂ ’ਤੇ ਡਾਗਾਂ ਮਾਰੀਆਂ ਗਈਆਂ ਕਿਉਂਕਿ ਉਹ ਮੁੱਖ ਮੰਤਰੀ ਖੱਟੜ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਖੱਟੜ ਸਰਕਾਰ ਦੀ ਕਿਸਾਨਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ’ਤੇ ਆਲੋਚਕ ਚੁੱਪ ਕਿਉਂ ਹਨ? ਸੰਪਾਦਕੀ ਕਿਹਾ ਗਿਆ ਕਿ ਕਿਸਾਨ ਪਿਛਲੇ ਕਰੀਬ 9 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ। ਖੇਤੀ ਦੇ ਨਿੱਜੀਕਰਨ ਨੂੰ ਰੋਕਣ, ਐੱਮ. ਐੱਸ. ਪੀ. ਕਾਨੂੰਨ ਦੀ ਵਾਪਸੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਪ੍ਰਧਾਨ ਮੰਤਰੀ ਨੇ ਹੁਣ ਤੱਕ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਸਰਕਾਰ ਦਾ ਦਿਲ ਪੱਥਰ ਹੈ, ਸਰਕਾਰ ਨੂੰ ‘ਜਨ ਆਸ਼ੀਰਵਾਦ’ ਚਾਹੀਦਾ ਹੈ। ਕੀ ਕਿਸਾਨਾਂ ਦੇ ਸਿਰ ’ਤੇ ਡਾਗਾਂ ਵਰ੍ਹਾ ਕੇ, ਲਹੂ-ਲੁਹਾਨ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਮਿਲੇਗਾ?