ਐੱਸਏਐੱਸ ਨਗਰ : 19 ਸਾਲਾ ਕੁੜੀ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਤਿੰਨਾਂ ਨੌਜਵਾਨਾਂ ਨੂੰ ਖਰੜ ਸਿਟੀ ਦੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕਰਨਬੀਰ ਨਿਵਾਸੀ ਸਰਹਿੰਦ, ਗਰਵਿੰਦਰ ਅਤੇ ਕਮਲਜੀਤ ਨਿਵਾਸੀ ਬੱਸੀ ਪਠਾਣਾ ਦੇ ਰੂਪ ਵਿਚ ਹੋਈ ਹੈ ਜਿਹਨਾਂ ਨੂੰ ਅੱਜ ਖਰੜ ਦੀ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਨੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਮੁਲਜ਼ਮਾਂ ਖਿਲਾਫ ਖਰੜ ਸਿਟੀ ਥਾਣੇ ਵਿਚ ਆਈਪੀਸੀ ਦੀ ਧਾਰਾ 376ਡੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ਵਿਚ ਪਹਿਲਾਂ ਜ਼ੀਰੋ ਐੱਫਆਈਆਰ ਫਤਿਹਗੜ੍ਹ ਪੁਲਿਸ ਸਟੇਸ਼ਨ ਵਿਚ ਕੱਟੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਖਰੜ ਦੇ ਸਦਰ ਥਾਣੇ ਵਿਚ ਦਰਜ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਪੀੜਤ ਕੁੜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਹੈ ਅਤੇ ਉੱਥੇ ਹੀ ਪਹਿਲੇ ਸਾਲ ਦਾ ਵਿਦਿਆਰਥਣ ਹੈ। ਘਟਨਾ 23 ਮਾਰਚ ਦੀ ਸੀ। ਪੀੜਤ ਕੁੜੀ ਤਿੰਨਾਂ ਨੌਜਵਾਨਾਂ ਵਿਚੋਂ ਇੱਕ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਜੋ ਉਸ ਨੂੰ ਝਾਂਸੇ 'ਚ ਰੱਖ ਕੇ ਖਰੜ ਦੀ ਇੱਕ ਸੁਸਾਇਟੀ ਵਿਚ ਲੈ ਗਿਆ ਜਿੱਥੇ ਉਸ ਦੇ ਦੋ ਦੋਸਤ ਪਹਿਲਾਂ ਤੋਂ ਹੀ ਮੌਜੂਦ ਸਨ।
ਕੁੜੀ ਵੱਲੋਂ ਪੁਲਿਸ ਨੂੰ ਦੱਸੇ ਅਨੁਸਾਰ ਉੱਥੇ ਉਸ ਨੂੰ ਠੰਢਾ ਪਿਲਾਇਆ ਗਿਆ ਜਿਸ ਵਿਚ ਕੋਈ ਨਸ਼ੀਲੀ ਚੀਜ਼ ਮਿਲੀ ਹੋਈ ਸੀ ਜਿਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਉਸ ਨਾਲ ਬਲਾਤਕਾਰ ਕੀਤਾ। ਪੀੜਤ ਕੁੜੀ ਨੇ ਦੱਸਿਆ ਸੀ ਕਿ ਉਹਨਾਂ ਵਿਚੋਂ ਇੱਕ ਨੌਜਵਾਨ ਉਸ ਦੀ ਅਸਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਰਾਜਪੁਰਾ ਲੈ ਗਿਆ ਜਿੱਥੇ ਉਸ ਨੇ ਉਸ ਨਾਲ ਦੁਬਾਰਾ ਬਲਾਤਕਾਰ ਕੀਤਾ। ਹੁਣ ਉਹ ਉਸ ਨੂੰ ਧਮਕਾ ਕੇ ਮਿਲਣ ਲਈ ਬੁਲਾਉਂਦਾ ਸੀ ਜਿਸ ਤੋਂ ਤੰਗ ਆ ਕੇ ਉਸ ਨੇ ਉੱਕਤ ਮੁਲਜ਼ਮਾਂ ਖਿਲਾਫ ਫਤਿਹਗੜ੍ਹ ਸਾਹਿਬ ਵਿਚ ਸ਼ਿਕਾਇਤ ਦਿੱਤੀ ਸੀ।



