ਜਲੰਧਰ (ਰਾਘਵ): ਵਰਕਸ਼ਾਪ ਚੌਂਕ ਤੋਂ ਫੜੇ ਗਏ ਗੈਂਗਸਟਰ ਗੋਲਡੀ ਬਰਾੜ ਦੇ ਸਾਬਕਾ ਸਾਥੀ ਸੁੱਖਾ ਸ਼ੇਖੋਂ ਨੇ ਰਿਮਾਂਡ ਦੌਰਾਨ ਵੱਡਾ ਖ਼ੁਲਾਸਾ ਕੀਤਾ ਹੈ। ਸੁੱਖਾ ਨੇ ਕਿਹਾ ਕਿ ਉਹ ਗੈਂਗਸਟਰ ਗਰੁੱਪ ਦੇ 2 ਬਦਮਾਸ਼ਾਂ ਦਾ ਕਤਲ ਕਰਨ ਲਈ ਉਨ੍ਹਾਂ ਦੀ ਰੇਕੀ ਵੀ ਕਰ ਚੁੱਕਾ ਸੀ। ਹਥਿਆਰ ਪਹਿਲਾਂ ਤੋਂ ਹੀ ਉਹ ਐੱਮ. ਪੀ. ਤੋਂ ਖ਼ਰੀਦ ਕੇ ਲਿਆਇਆ ਸੀ ਅਤੇ ਹੁਣ ਸਿਰਫ਼ ਉਨ੍ਹਾਂ ’ਤੇ ਅਟੈਕ ਹੀ ਕਰਨਾ ਸੀ। ਸੀ. ਆਈ. ਏ. ਸਟਾਫ ਵੱਲੋਂ ਹਾਲ ਹੀ ਵਿਚ ਫੜੇ ਗਏ ਬਦਮਾਸ਼ ਸੁਖਵੰਤ ਸਿੰਘ ਉਰਫ਼ ਸੁੱਖਾ ਸ਼ੇਖੋਂ ਵਾਸੀ ਧੀਰਪੁਰ ਨੇ ਖ਼ੁਦ ਇਸ ਗੱਲ ਨੂੰ ਕਬੂਲਿਆ ਹੈ। ਉਸ ਨੇ ਕਿਹਾ ਕਿ ਲੰਡਾ ਗਰੁੱਪ ਦੇ 2 ਬਦਮਾਸ਼ ਉਸ ਦੇ ਪਿੱਛੇ ਲੱਗੇ ਸਨ। ਜੇਕਰ ਉਹ ਉਨ੍ਹਾਂ ਨੂੰ ਨਾ ਮਾਰਦਾ ਤਾਂ ਉਹ ਉਸ ਨੂੰ ਮਾਰ ਦਿੰਦੇ। ਉਹ ਵੀ ਲਗਾਤਾਰ ਉਸ ਦਾ ਨੁਕਸਾਨ ਕਰਨ ਲਈ ਯੋਜਨਾ ਬਣਾ ਰਹੇ ਸਨ। ਪੁਲਸ ਦੀ ਇਸ ਕਾਰਵਾਈ ਨਾਲ 2 ਮਰਡਰ ਹੋਣ ਤੋਂ ਬਚ ਗਏ। ਮੁਲਜ਼ਮ ਨੇ ਮੰਨਿਆ ਕਿ ਉਹ ਖੁਦ ਮੱਧ ਪ੍ਰਦੇਸ਼ ਜਾ ਕੇ ਹਥਿਆਰ ਲੈ ਕੇ ਆਇਆ ਸੀ। ਸੁੱਖਾ ਸ਼ੇਖੋਂ ਗੈਂਗਸਟਰ ਗੋਲਡੀ ਬਰਾੜ ਦਾ ਸਾਬਕਾ ਸਾਥੀ ਰਿਹਾ ਹੈ ਪਰ 2 ਸਾਲਾਂ ਤੋਂ ਵੱਖ ਹੋ ਚੁੱਕਾ ਹੈ। ਦੱਸ ਦੇਈਏ ਕਿ ਸੀ. ਆਈ. ਏ. ਸਟਾਫ਼ ਨੇ ਸੁੱਖਾ ਸ਼ੇਖੋਂ ਨੂੰ ਵਰਕਸ਼ਾਪ ਚੌਂਕ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਤੋਂ 32 ਬੋਰ ਦੇ 4 ਪਿਸਤੌਲ ਅਤੇ 12 ਗੋਲ਼ੀਆਂ ਮਿਲੀਆਂ ਸਨ।



