ਯੂਕੇ ਦੀ ਜੂਲੀਅਨ ਅਸਾਂਜੇ ਨੂੰ ਅਮਰੀਕਾ ਹਵਾਲੇ ਕਰਨ ਤੋਂ ਨਾਂਹ

by vikramsehajpal

ਲੰਡਨ (ਦੇਵ ਇੰਦਰਜੀਤ)- ਬਰਤਾਨਵੀ ਜੱਜ ਨੇ ਅਮਰੀਕਾ ਦੀ ਉਸ ਬੇਨਤੀ ਨੂੰ ਖਾਰਜ ਕਰ ਦਿੱਤਾ ਹੈ ਜਿਸ ’ਚ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ (49) ਨੂੰ ਉਨ੍ਹਾਂ ਹਵਾਲੇ ਕਰਨ ਦੀ ਮੰਗ ਕੀਤੀ ਗਈ ਸੀ।

ਜ਼ਿਲ੍ਹਾ ਜੱਜ ਵੈਨਿਸਾ ਬਰਾਇਟਸਰ ਨੇ ਕਿਹਾ ਕਿ ਅਸਾਂਜ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ ਅਤੇ ਉਸ ਨੂੰ ਅਮਰੀਕਾ ਹਵਾਲੇ ਕਰਨਾ ‘ਜ਼ੁਲਮ’ ਦੇ ਬਰਾਬਰ ਹੋਵੇਗਾ। ਉਨ੍ਹਾਂ ਕਿਹਾ ਕਿ ਅਸਾਂਜ ਨੂੰ ਜੇਕਰ ਅਮਰੀਕਾ ਭੇਜਿਆ ਜਾਂਦਾ ਹੈ ਤਾਂ ਉਹ ਖ਼ੁਦਕੁਸ਼ੀ ਕਰ ਸਕਦਾ ਹੈ। ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਉਹ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ ਕਰੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਅਸਾਂਜ ਨੂੰ ਜਾਸੂਸੀ ਦਾ ਦੋਸ਼ੀ ਠਹਿਰਾਇਆ ਹੈ ਅਤੇ ਉਸ ਖ਼ਿਲਾਫ਼ ਕੰਪਿਊਟਰ ਦੀ ਦੁਰਵਰਤੋਂ ਕਰਨ ਦਾ ਇੱਕ ਕੇਸ ਅਤੇ ਜਾਸੂਸੀ ਦੇ 17 ਕੇਸ ਦਰਜ ਹਨ। ਦੋਸ਼ ਸਾਬਿਤ ਹੋਣ ’ਤੇ ਅਸਾਂਜ ਨੂੰ ਵੱਧ ਤੋਂ ਵੱਧ 175 ਵਰ੍ਹਿਆਂ ਦੀ ਜੇਲ੍ਹ ਹੋ ਸਕਦੀ ਹੈ।