ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਵਿਚ ਰਹਿ ਰਹੇ ਭਾਰਤੀ ਰਵੀ ਬਾਬੂ ਕੋਲਾ (47) ਨੂੰ ਫਰਜ਼ੀ ਵਿਆਹਾਂ ਦਾ ਰੈਕੇਟ ਚਲਾਉਣ ਅਤੇ ਵੀਜ਼ਾ ਫਰਾਡ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕੋਲਾ 'ਤੇ ਨਾਜਾਇਜ਼ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਦੀ ਅਮਰੀਕੀ ਨਾਗਰਿਕਾਂ ਨਾਲ ਨਕਲੀ ਵਿਆਹ ਕਰਨ ਵਿਚ ਮਦਦ ਕਰਨ ਦਾ ਦੋਸ਼ ਸੀ।
ਨਕਲੀ ਵਿਆਹ ਦੇ ਚਲਦੇ ਨਾਜਾਇਜ਼ ਪ੍ਰਵਾਸੀਆਂ ਨੂੰ ਇਥੇ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਸੀ। ਦੋਸ਼ੀ ਪਾਏ ਜਾਣ ਤੋਂ ਬਾਅਦ ਕੋਲਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। 22 ਮਈ ਨੂੰ ਟੇਲਹੇਸੀ ਦੇ ਕੋਰਟ ਹਾਊਸ ਵਿਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਨਕਲੀ ਵਿਆਹ ਅਤੇ ਵੀਜ਼ਾ ਧੋਖਾਧੜੀ ਲਈ ਉਸ ਨੂੰ ਪੰਜ ਸਾਲ ਦੀ ਕੈਦ ਹੋ ਸਕਦੀ ਹੈ। ਇਸ ਤੋਂ ਇਲਾਵਾ ਮਨੀ ਲਾਂਡਰਿੰਗ ਸਬੰਧੀ ਹੋਰ ਮਾਮਲੇ ਵਿਚ ਉਸ ਨੂੰ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।



