ਮੀਡੀਆ ਡੈਸਕ: ਦਸੰਬਰ ਮਹੀਨਾ ਸ਼ੁਰੂ ਹੋ ਚੁੱਕਾ ਹੈ ਪਰ ਹਾਲੇ ਵੀ ਮਾਹੌਲ 'ਚ ਠੰਢਕ ਮਹਿਸੂਸ ਨਹੀਂ ਹੋਈ ਹੈ ਜੋ ਹਰ ਸਾਲ ਹੁੰਦੀ ਹੈ। ਸਵੇਰੇ ਤੇ ਰਾਤ ਨੂੰ ਜ਼ਰੂਰ ਗਰਮ ਕੱਪੜਿਆਂ ਦੀ ਜ਼ਰੂਰਤ ਪੈਂਦੀ ਹੈ ਪਰ ਦਿਨ ਵੇਲੇ ਧੁੱਪ ਖਿੜਨ ਕਾਰਨ ਠੰਢ ਦਾ ਬਹੁਤਾ ਅਹਿਸਾਸ ਨਹੀਂ ਹੁੰਦਾ। ਹਾਲਾਂਕਿ ਪਿਛਲੇ ਕੁਝ ਦਿਨਾਂ 'ਚ ਠੰਢੀਆਂ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ 'ਚ ਪਾਰਾ ਡਿੱਗਿਆ ਹੈ ਤੇ ਹੁਣ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਇਹ ਹੋਰ ਡਿੱਗ ਸਕਦਾ ਹੈ। ਅਸਲ ਵਿਚ ਮੌਸਮ ਵਿਭਾਗ ਨੇ ਜਿੱਥੇ ਪਹਾੜਾਂ 'ਚ ਜ਼ਬਰਦਸਤ ਬਰਫ਼ਬਾਰੀ ਦਾ ਖਦਸ਼ਾ ਪ੍ਰਗਟਾਇਆ ਹੈ ਉੱਥੇ ਹੀ ਮੈਦਾਨੀ ਸੂਬਿਆਂ 'ਚ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਮੈਦਾਨੀ ਸੂਬਿਆਂ ਲਈ ਤੇਜ਼ ਬਾਰਿਸ਼ ਦੇ ਨਾਲ ਗੜੇ ਪੈਣ ਦਾ ਅਨੁਮਾਨ ਦੀ ਲਗਾਇਆ ਹੈ ਤੇ ਯੈਲੋ ਅਲਰਟ ਵੀ ਜਾਰੀ ਕੀਤਾ ਹੈ।
ਪਹਾੜਾਂ 'ਚ ਬੁੱਧਵਾਰ ਤੋਂ ਹੋ ਸਕਦੀ ਹੈ ਬਰਫ਼ਬਾਰੀ
ਮੌਸਮ ਵਿਭਾਗ ਅਨੁਸਾਰ ਬੁੱਧਵਾਰ ਯਾਨੀ 11 ਦਸੰਬਰ ਤੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ 11, 12 ਤੇ 13 ਦਸੰਬਰ ਨੂੰ ਜ਼ਬਰਦਸਤ ਬਰਫ਼ਬਾਰੀ ਹੋ ਸਕਦੀ ਹੈ ਜਿਸ ਤੋਂ ਬਾਅਦ ਪਾਰਾ ਹੋਰ ਡਿੱਗ ਸਕਦਾ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ 'ਚ 2 ਤੇ 13 ਦਸੰਬਰ ਨੂੰ ਜ਼ਬਰਦਸਤ ਬਰਫ਼ਬਾਰੀ ਤੇ ਮੀਂਹ ਲਈ ਯੈਲੋ ਅਲਰਟ ਕੀਤਾ ਹੈ।
ਵਿਭਾਗ ਵੱਲੋਂ ਜਾਰੀ ਕੀਤੇ ਗਏ ਅਨੁਮਾਨ ਅਨੁਸਾਰ 15 ਦਸੰਬਰ ਤਕ ਬਰਫ਼ਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਉੱਥੇ ਹੀ ਉੱਤਰਾਖੰਡ 'ਚ ਵੀ ਕੱਲ੍ਹ ਤੋਂ ਕੁਝ ਅਜਿਹੇ ਹੀ ਹਾਲਾਤ ਰਹਿਣ ਵਾਲੇ ਹਨ। ਮੌਸਮ ਵਿਭਾਗ ਅਨੁਸਾਰ, ਪੱਛਮੀ ਗੜਬੜੀ ਵਾਲੀਆਂ ਪੌਣਾਂ ਦੇ ਸਰਗਰਮ ਹੋਣ ਦਾ ਅਨੁਮਾਨ ਹੈ ਤੇ ਅਜਿਹੇ ਵਿਚ 11 ਦਸੰਬਰ ਤੋਂ ਸੂਬੇ 'ਚ ਮੌਸਮ ਦਾ ਮਿਜ਼ਾਜ ਬਦਲ ਜਾਵੇਗਾ। 11 ਦਸੰਬਰ ਤੋਂ 15 ਦਸੰਬਰ ਤਕ ਸੂਬੇ 'ਚ ਮੌਸਮ ਦਾ ਹਾਲ ਕੁਝ ਖ਼ਰਾਬ ਹੀ ਰਹੇਗਾ।
ਮੈਦਾਨਾਂ 'ਚ ਚੱਲੇਗੀ ਸੀਤ ਲਹਿਰ, ਇਨ੍ਹਾਂ ਸੂਬਿਆਂ 'ਚ ਹੋ ਸਕਦੀ ਹੈ ਬਾਰਿਸ਼
ਪਹਾੜਾਂ 'ਚ ਬਦਲਣ ਵਾਲੇ ਇਸ ਮੌਸਮ ਦਾ ਅਸਰ ਮੈਦਾਨਾਂ 'ਚ ਨਜ਼ਰ ਆਵੇਗਾ। ਉੱਤਰੀ ਭਾਰਤ ਦੇ ਸੂਬਿਆਂ 'ਚ ਜਿੱਥੇ ਸੀਤ ਲਹਿਰ ਕਾਰਨ ਪਾਰਾ ਤੇਜ਼ੀ ਨਾਲ ਡਿੱਗੇਗਾ ਉੱਥੇ ਹੀ ਅੱਜ ਤੋਂ ਹੀ ਦਿੱਲੀ ਸਮੇਤ ਕੁਝ ਸੂਬਿਆਂ 'ਚ ਬਾਰਿਸ਼ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਮੌਸਮ ਵਿਭਾਗ ਦੇ ਅਨੁਮਾਨ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਠੰਢ ਵਧੇਗੀ। ਉੱਥੇ ਹੀ 12 ਤੇ 13 ਦਸੰਬਰ ਨੂੰ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਪੰਜਾਬ ਸਮੇਤ ਕਈ ਸੂਬਿਆਂ 'ਚ ਬਾਰਿਸ਼ ਤੇ ਗੜੇ ਪੈ ਸਕਦੇ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



