APP ਆਗੂ ਸੱਜਣ ਸਿੰਘ ਚੀਮਾ ਅਕਾਲੀ ਦਲ ‘ਚ ਸ਼ਾਮਿਲ ਹੋਏ, ਸੂਬੇ ਅੰਦਰ ਅਕਾਲੀ ਦਲ ਦੇ ਹੱਕ ‘ਚ ਸਿਆਸੀ ਹਨੇਰੀ ਝੁੱਲ ਰਹੀ ਹੈ : ਸੁਖਬੀਰ ਸਿੰਘ ਬਾਦਲ

by mediateam

ਮਲਸੀਆਂ/ਸੁਲਤਾਨਪੁਰ ਲੋਧੀ/ਮੋਗਾ : ਸ਼੍ਰੋਮਣੀ ਅਕਾਲੀ ਦਲ ਅੱਜ ਉੁਸ ਸਮੇਂ ਇੱਕ ਵੱਡਾ ਹੁਲਾਰਾ ਮਿਲਿਆ ਜਦੋਂ ਅੰਤਰਰਾਸ਼ਟਰੀ ਖਿਡਾਰੀ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਦੇ ਉਮੀਦਵਾਰ ਰਹੇ ਸਰਦਾਰ ਸੱਜਣ ਸਿੰਘ ਚੀਮਾ ਅੱਜ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਉਹਨਾਂ ਨੇ ਆਪ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਿਸ਼ਵਾਸ਼ਘਾਤ ਕਾਰਣ ਇਸ ਪੰਜਾਬ-ਵਿਰੋਧੀ ਪਾਰਟੀ ਤੋਂ ਕਿਨਾਰਾ ਕਰਦਿਆਂ ਅਕਾਲੀ ਦਲ ਦਾ ਹੱਥ ਫੜ ਲਿਆ। ਅਕਾਲੀ ਦਲ ਪ੍ਰਧਾਨ ਸਰਦਾਰ ਖਬੀਰ ਸਿੰਘ ਬਾਦਲ ਨੇ ਆਪ ਆਗੂ ਦਾ ਅਕਾਲੀ ਅੰਦਰ ਸਵਾਗਤ ਕਰਦਿਆਂ ਇਸ ਘਟਨਾ ਨੂੰ ਪਾਰਟੀ ਲਈ ਇੱਕ ਵੱਡਾ ਹੁਲਾਰਾ ਕਰਾਰ ਦਿੱਤਾ।

ਉਹਨਾਂ ਕਿਹਾ ਕਿ ਇਹ ਇਸ ਗੱਲ ਦਾ ਇੱਕ ਹੋਰ ਸਬੂਤ ਹੈ ਕਿ ਸੂਬੇ ਅੰਦਰ ਕਿਸ ਪਾਰਟੀ ਦੇ ਹੱਕ ਵਿਚ ਸਿਆਸੀ ਅਤੇ ਸਮਾਜਿਕ ਹਵਾ ਚੱਲ ਰਹੀ ਹੈ। ਇਸ ਮੌਕੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ ਅਤੇ ਬੀਬੀ ਉਪਿੰਦਰਜੀਤ ਕੌਰ ਵੀ ਹਾਜ਼ਿਰ ਸਨ। ਸਰਦਾਰ ਬਾਦਲ ਨੇ ਕਿਹਾ ਕਿ ਆਪ ਦੇ ਬਾਕੀ ਧੜਿਆਂ, ਸੁਖਪਾਲ ਖਹਿਰੇ ਦੀ ਪੀਈਪੀ ਅਤੇ ਅਖੌਤੀ ਟਕਸਾਲੀਆਂ ਦਾ ਪਰਦਾਫਾਸ਼ ਹੋ ਚੁੱਕਿਆ ਹੈ ਕਿ ਇਹ ਸਾਰੀਆਂ ਪਾਰਟੀਆਂ ਕਾਂਗਰਸ ਦੀ ਬੀ, ਸੀ ਅਤੇ ਡੀ ਟੀਮਾਂ ਹਨ।ਬਾਅਦ ਵਿਚ ਮੋਗਾ ਵਿਖੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਪਾਰਟੀ ਉਮੀਦਵਾਰ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਚੋਣਾਂ ਵਿਚ ਅਮਰਿੰਦਰ ਵੱਲੋਂ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਦੀ ਕੀਤੀ ਅਣਦੇਖੀ ਵਿਰੁੱਧ ਲੋਕਾਂ ਦਾ ਗੁੱਸਾ ਫਟ ਕੇ ਸਾਹਮਣੇ ਆਏਗਾ।

ਉਹਨਾਂ ਕਿਹਾ ਇਹ ਚੋਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾ ਕੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰਨ ਖਿਲਾਫ ਵੀ ਇੱਕ ਲੋਕ ਫਤਵਾ ਹੋਵੇਗੀ। ਅਮਰਿੰਦਰ ਨੇ ਹੋਰਨਾਂ ਵਾਅਦਿਆਂ ਤੋਂ ਇਲਾਵਾ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ, ਹਰ ਘਰ ਨੂੰ ਰੁਜ਼ਗਾਰ ਦੇਣ, 2500 ਰੁਪਏ ਪੈਨਸ਼ਨ ਦੇਣ, 51 ਹਜ਼ਾਰ ਰੁਪਏ ਸ਼ਗਨ ਦੇਣ ਅਤੇ ਬੇਰੁਜ਼ਗਾਰਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਅੱਜ ਉਹ ਇਹਨਾਂ ਸਾਰੇ ਵਾਅਦਿਆਂ ਤੋ ਮੁਕਰ ਚੁੱਕਿਆ ਹੈ।ਆਪਣੇ ਬਾਰੇ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੈਂ ਇੱਕ ਸਿੱਧਾ-ਸਾਦਾ ਦੇਸੀ ਕਿਸਮ ਦਾ ਬੰਦਾ ਹਾਂ। ਮੈਨੂੰ ਆਪਣੇ ਸੁਫਨੇ ਲੋਕਾਂ ਨਾਲ ਸਾਂਝੇ ਕਰਨਾ ਵਧੀਆ ਲੱਗਦਾ ਹੈ। ਮੈਂ ਵੱਡੇ ਵਾਅਦਾ ਕਰਦਾ ਹਾਂ ਤਾਂ ਉਹਨਾਂ ਨੂੰ ਪੂਰਾ ਵੀ ਕਰਦਾ ਹਾਂ।

ਤੁਸੀਂ ਇਹ ਚੀਜ਼ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਕੀਤੇ ਸਾਰੇ ਕੰਮਾਂ ਵਿੱਚੋਂ ਵੇਖ ਸਕਦੇ ਹੋ।ਇਸ ਮੌਕੇ ਜਥੇਦਾਰ ਤੋਤਾ ਸਿੰਘ ਅਤੇ ਜਥੇਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵੀ ਸੰਬੋਧਨ ਕੀਤਾ। ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ, ਸੂਬੇ ਅੰਦਰ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ।ਅਕਾਲੀ ਦਲ ਪ੍ਰਧਾਨ ਨੇ 800 ਸਰਕਾਰੀ ਸਕੂਲਾਂ, ਪਿੰਡਾਂ ਵਿਚਲੇ ਜ਼ਿਆਦਾਤਰ ਸੇਵਾ ਕੇਂਦਰਾਂ, ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬ ਹੋਣਹਾਰ ਬੱਚਿਆਂ ਲਈ ਖੋਲ੍ਹੇ ਮੈਰੀਟੋਰੀਅਸ ਸਕੂਲਾਂ, ਸਕੂਲੀ ਵਿਦਿਆਰਥਣਾਂ ਲਈ ਮੁਫਤ ਸਾਇਕਲਾਂ, ਦਲਿਤ ਵਿਦਿਆਰਥੀਆਂ ਲਈ ਵਜ਼ੀਫਿਆਂ, ਸ਼ਗਨ, ਪੈਨਸ਼ਨਾਂ ਅਤੇ ਹੋਰ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜਦੋਂ ਅਕਾਲੀ-ਭਾਜਪਾ ਗਠਜੋੜ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਅਗਲਾ ਮੌਕਾ ਮਿਲਿਆ ਤਾਂ ਸ਼ਹਿਰਾਂ ਵਾਂਗ ਪੰਜਾਬ ਦੇ ਸਾਰੇ ਪਿੰਡਾਂ ਵਿਚ ਸਾਫ ਪੀਣ ਵਾਲਾ ਪਾਣੀ, ਸੀਵਰੇਜ, ਗਲੀਆਂ ਵਿਚ ਰੋਸ਼ਨੀ ਦਾ ਪ੍ਰਬੰਧ ਅਤੇ ਪੱਕੀਆਂ ਗਲੀਆਂ ਆਦਿ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਸਰਦਾਰ ਬਾਦਲ ਨੇ ਕਿਹਾ ਕਿ ਦੇਸ਼ ਨੂੰ ਇੱਕ ਮਜ਼ਬੂਤ ਅਤੇ ਫੈਸਲਾਕੁਨ ਪ੍ਰਧਾਨ ਮੰਤਰੀ ਦੀ ਲੋੜ ਹੈ। ਜੇਕਰ ਦੁਸ਼ਮਣ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਨਹੀਂ ਡਰੇਗਾ ਤਾਂ ਅੱਜ ਜਾਂ ਕੱਲ੍ਹ ਦੇਸ਼ ਉੱਤੇ ਕੋਈ ਵੀ ਬਿਪਤਾ ਆ ਸਕਦੀ ਹੈ। ਉਹਨਾਂ ਕਿਹਾ ਕਿ ਮੋਦੀ ਨੇ ਪਾਕਿਸਤਾਨ ਨੂੰ ਵਿਖਾ ਦਿੱਤਾ ਕਿ ਜੇਕਰ ਉਹ ਭਾਰਤ ਉੱਤੇ ਅੱਤਵਾਦੀ ਹਮਲੇ ਕਰਵਾਉਂਦਾ ਹੈ ਤਾਂ ਇਸ ਦਾ ਕੀ ਜੁਆਬ ਮਿਲੇਗਾ।

More News

NRI Post
..
NRI Post
..
NRI Post
..