ਬਰਨਾਲਾ : 17ਵੀਂ ਲੋਕ ਸਭਾ ਚੋਣ 'ਚ ਹਲਕਾ ਸੰਗਰੂਰ ਦੀ ਸੀਟ ਦਿਨੋਂ-ਦਿਨ ਖਿੱਚ ਦਾ ਕੇਂਦਰ ਬਣ ਰਹੀ ਹੈ। 25 ਉਮੀਦਵਾਰ ਚੋਣ ਅਖਾੜੇ 'ਚ ਹਨ। ਕਈ ਤਾਂ ਸਿਆਸੀ ਪਾਰਟੀਆਂ ਦੇ ਪ੍ਰਧਾਨ ਖੁਦ ਚੋਣ ਲੜ ਰਹੇ ਹਨ ਤੇ ਕਈ ਪਾਰਟੀ ਪ੍ਰਧਾਨਾਂ ਦੇ ਖਾਸਮ-ਖਾਸ ਇਸ ਚੋਣ ਨੂੰ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਕਾਂਗਰਸ ਪਾਰਟੀ ਦੇ ਕਈ ਕੈਬਨਿਟ ਮੰਤਰੀਆਂ ਨੇ ਹਲਕੇ 'ਚ ਡੇਰੇ ਲਾ ਲਏ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਭਾਰਤੀ ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਸਣੇ 'ਆਪ' ਦੇ ਸੂਬਾ ਪ੍ਰਧਾਨ ਭਗਵੰਤ ਮਾਨ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਖ਼ਾਸਮਖਾਸ ਹਨ, ਕਾਂਗਰਸ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀਆਂ 'ਚੋਂ ਇਕ ਹਨ।
ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਵਿਸ਼ਵ ਪ੍ਰਸਿੱਧ ਕਾਮੇਡੀਅਨ ਭਗਵੰਤ ਮਾਨ ਨੂੰ ਜਿਤਾਉਣ ਲਈ ਖੁਦ 13 ਮਈ ਤੋਂ 17 ਮਈ ਤਕ ਹਲਕਾ ਸੰਗਰੂਰ 'ਚ ਰੋਡ ਸ਼ੋਅ ਤੇ ਚੋਣ ਜਲਸਿਆਂ ਨੂੰ ਸੰਬੋਧਨ ਕਰਕੇ ਮਾਨ ਲਈ ਲੋਕਾਂ ਤੋਂ ਵੋਟਾਂ ਮੰਗਣਗੇ। ਆਪ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ 13 ਮਈ ਨੂੰ ਅਰਵਿੰਦ ਕੇਜਰੀਵਾਲ ਸ਼ਾਮ 4 ਵਜੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਤੋਂ ਧਨੌਲਾ, ਧੌਲਾ, ਤਪਾ ਮੰਡੀ ਤੋਂ ਹੰਡਿਆਇਆ ਹੁੰਦੇ ਹੋਏ ਬਰਨਾਲਾ ਪੁੱਜਣਗੇ।
ਵਿਧਾਇਕ ਮੀਤ ਹੇਅਰ ਦੀ ਕੋਠੀ 'ਚ ਉਹ ਰਾਤ ਠਹਿਰਣਗੇ ਤੇ ਅਗਲੇ ਦਿਨ ਫ਼ਿਰ ਰੋਡ ਸ਼ੋਅ ਤੇ ਚੋਣ ਜਲਸਿਆਂ ਨੂੰ ਭਗਵੰਤ ਮਾਨ ਦੇ ਹੱਕ 'ਚ ਹਲਕੇ ਦੇ ਵੋਟਰਾਂ ਨਾਲ ਰਾਬਤਾ ਕਰਨਗੇ। ਉਹ ਲਗਾਤਾਰ 5 ਦਿਨ ਪੂਰੇ ਦੇਸ਼ 'ਚ ਨਹੀਂ ਬਲਕਿ ਹਲਕਾ ਸੰਗਰੂਰ ਦਾ ਮੁੜ ਇਤਿਹਾਸ ਸਿਰਜਣ ਲਈ ਆਪਣੇ ਸੂਬਾ ਪ੍ਰਧਾਨ ਮਾਨ ਨੂੰ ਪਾਰਟੀ ਦੀ ਹਾਜ਼ਰੀ ਲਗਵਾਉਣ ਲਈ ਪਾਰਲੀਮੈਂਟ ਭੇਜਣ 'ਚ ਕੋਈ ਕਸਰ ਬਾਕਿ ਨਹੀਂ ਛੱਡ ਰਹੇ।ਆਮ ਆਦਮੀ ਪਾਰਟੀ ਦੇ ਸੂਬਾ ਕਨੀਵਨਰ ਰਹੇ ਵਿਸ਼ਵ ਪ੍ਰਸਿੱਧ ਕਾਮੇਡੀਅਨ ਗੁਰਪ੍ਰੀਤ ਘੁੱਗੀ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ 'ਚ 13 ਮਈ ਨੂੰ ਚੋਣ ਪ੍ਰਚਾਰ ਕਰਨ ਲਈ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਪੁੱਜ ਰਹੇ ਹਨ। ਢਿੱਲੋਂ ਦੇ ਫ਼ਰਜੰਦ ਕਰਨ ਢਿੱਲੋਂ ਤੇ ਕਨਵੀਨਰ ਢਿੱਲੋਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਪੋਤੜੇ ਫ਼ਿਰੋਲਨ ਲਈ 'ਆਪ' ਦੇ ਸੂਬਾ ਕਨਵੀਨਰ ਰਹੇ ਗੁਰਪ੍ਰੀਤ ਸਿੰਘ ਘੁੱਗੀ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ 'ਚ ਪ੍ਰਚਾਰ ਕਰਨ ਲਈ 4 ਵਜੇ ਪਿੰਡ ਛਾਜਲੀ, 6 ਵਜੇ ਪਿੰਡ ਲੌਂਗੋਵਾਲ ਅਤੇ 8 ਵਜੇ ਭਦੌੜ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰਨਗੇ।
ਇੰਨਾ ਹੀ ਨਹੀਂ ਕੇਵਲ ਸਿੰਘ ਢਿੱਲੋਂ ਦੇ ਹੱਕ 'ਚ ਪਾਰਟੀ ਦੇ ਕਈ ਦਿੱਗਜ ਆਗੂ ਵੀ ਪੁੱਜ ਰਹੇ ਹਨ। 13 ਮਈ ਨੂੰ ਹੀ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਆਪਣੇ ਜੱਦੀ ਪਿੰਡ ਤਪਾ ਮੰਡੀ ਵਿਖੇ 2:30 ਵਜੇ ਪੁੱਜ ਰਹੇ ਹਨ। ਉਹ ਪੁਰਾਣਾ ਬੱਸ ਸਟੈਂਡ ਤੋਂ ਸ਼ਹਿਰ ਅੰਦਰ ਡੋਰ-ਟੂ-ਡੋਰ ਕਰਨਗੇ। ਕੈਬਨਿਟ ਮੰਤਰੀ ਰਾਣਾ ਸੋਢੀ ਵੀ ਹਲਕਾ ਮਹਿਲ ਕਲਾਂ 'ਚ ਢਿੱਲੋਂ ਦੇ ਹੱਕ 'ਚ ਪ੍ਰਚਾਰ ਕਰ ਰਹੇ ਹਨ।
ਸਮ੍ਰਿਤੀ ਈਰਾਨੀ ਤੇ ਰਾਜਨਾਥ ਸਿੰਘ ਢੀਂਡਸਾ ਦੇ ਹੱਕ 'ਚ ਕਰਨਗੇ ਪ੍ਰਚਾਰ
ਭਾਜਪਾ ਦੇ ਕੇਂਦਰੀ ਕੈਬਨਿਟ ਮੰਤਰੀ ਸਮ੍ਰਿਤੀ ਈਰਾਨੀ 15 ਮਈ ਨੂੰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਹੰਡਿਆਇਆ ਬਾਜ਼ਾਰ ਬਰਨਾਲਾ ਵਿਖੇ ਹੋਣ ਵਾਲੀ ਰੈਲੀ ਨੂੰ ਸੰਬੋਧਨ ਕਰਨਗੇ ਤੇ 16 ਮਈ ਨੂੰ ਭਾਜਪਾ ਦਿੱਗਜ ਆਗੂ ਰਾਜਨਾਥ ਸਿੰਘ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਨੂੰ ਸੰਬੋਧਨ ਕਰਨਗੇ। ਜੇਕਰ ਅਕਾਲੀ ਪਾਰਟੀ ਦੇ ਦਿੱਗਜਾਂ ਦੀ ਗੱਲ ਕੀਤੀ ਜਾਵੇ ਤਾਂ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਹੁਣ ਤਕ ਨਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਤੇ ਯੂਥ ਦੀ ਅਗਵਾਹੀ ਕਰਨ ਵਾਲੇ ਵਿਕਰਮਜੀਤ ਸਿੰਘ ਮਜੀਠੀਆ ਸਮੇਤ ਅਕਾਲੀ ਦਿੱਗਜ ਆਗੂਆਂ ਨੇ ਹਾਲੇ ਤੱਕ ਹਲਕਾ ਸੰਗਰੂਰ ਤੋਂ ਦੂਰੀ ਬਣਾਈ ਹੋਈ ਹੈ।



