ਹਰਸਿਮਰਤ ਕੌਰ ਬਾਦਲ ਨੇ ਕੌਮੀ ਮਹਿਲਾ ਕਮਿਸ਼ਨ ਨੂੰ ਰੇਪ ਦੇ ਮਾਮਲੇ ਵਿਚ ਕਾਰਵਾਈ ਕਰਨ ਲਈ ਕਿਹਾ

by mediateam

ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੌਮੀ ਮਹਿਲਾ ਕਮਿਸ਼ਨ ਨੂੰ ਜਬਰ ਜਨਾਹ ਦੇ ਮਾਮਲੇ ਵਿਚ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪੀੜਤ ਕੁੜੀ ਨੂੰ ਇਨਸਾਫ਼ ਦਿਵਾਉਣ ਵਿਚ ਬਠਿੰਡਾ ਪੁਲਿਸ ਅਫਸਰ ਨਾਕਾਮ ਰਹੇ ਹਨ। ਹਰਸਿਮਰਤ ਨੇ ਇਸ ਮਾਮਲੇ ਵਿਚ ਕਦਮ ਚੁੱਕਣ ਵਾਸਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਦਾ ਧੰਨਵਾਦ ਕੀਤਾ ਹੈ। ਹਰਸਿਮਰਤ ਮੁਤਾਬਕ ਉਨ੍ਹਾਂ ਦੇ ਧੰਨਵਾਦੀ ਦੌਰੇ ਦੌਰਾਨ ਪੀੜਤਾ ਤੇ ਉਸ ਦੇ ਪਰਿਵਾਰ ਨੇ ਇਨਸਾਫ਼ ਲਈ ਉਨ੍ਹਾਂ ਕੋਲ ਪਹੁੰਚ ਕੀਤੀ ਕਿਉਂਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਸੀ। 

ਉਨ੍ਹਾਂ ਨੂੰ ਮਹਿਲਾ ਕਮਿਸ਼ਨ ਵਲੋਂ ਦਖ਼ਲ ਦੇਣ ਉੱਤੇ ਹਾਲੇ 'ਅਧੂਰਾ ਇਨਸਾਫ਼' ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨੀ ਬਣਦੀ ਹੈ, ਜਿਨ੍ਹਾਂ ਦੀ ਸ਼ਹਿ ਨਾਲ ਜ਼ੁਲਮ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਿਆਸਤਦਾਨਾਂ ਨੇ ਦੋਸ਼ੀ ਦੀ ਪੁਸ਼ਤਪਨਾਹੀ ਕੀਤੀ ਤੇ ਬਠਿੰਡਾ ਪੁਲਿਸ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਿਆ, ਉਨ੍ਹਾਂ ਖ਼ਿਲਾਫ਼ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਹਰਸਿਮਰਤ ਨੇ ਕਿਹਾ ਹੈ ਕਿ ਮਹਿਲਾ ਕਮਿਸ਼ਨ ਦੀ ਟੀਮ ਦੇ ਮੈਂਬਰਾਂ ਵੱਲੋਂ ਕੀਤੇ ਖ਼ੁਲਾਸੇ ਨਾਲ ਬਠਿੰਡਾ ਪੁਲਿਸ ਦਾ ਪਰਦਾਫਾਸ਼ ਹੋ ਚੁੱਕਿਆ ਹੈ, ਜਿਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸਥਾਨਕ ਕਾਂਗਰਸੀ ਆਗੂ ਦੇ ਇਸ਼ਾਰੇ 'ਤੇ ਮੁਲਜ਼ਮ ਪਰਮਿੰਦਰ ਸਿੰਘ ਆਜ਼ਾਦ ਨੂੰ ਛੱਡ ਦਿੱਤਾ ਗਿਆ ਸੀ ਤੇ ਸੂਬਾ ਸਰਕਾਰ ਨੇ ਕੋਤਾਹੀ ਵਰਤਣ ਵਾਲੇ ਪੁਲਿਸ ਅਫਸਰਾਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ। 

ਉਨ੍ਹਾਂ ਕਿਹਾ ਕਿ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਵਿਚ ਭਰੋਸਾ ਬਹਾਲ ਕਰਨ ਲਈ ਕਾਰਵਾਈ ਹੋਣੀ ਜ਼ਰੂਰੀ ਹੈ।ਹਰਸਿਮਰਤ ਨੇ ਮਹਿਲਾ ਕਮਿਸ਼ਨ ਨੂੰ ਉਨ੍ਹਾਂ ਪੁਲਿਸ ਅਫਸਰਾਂ ਖ਼ਿਲਾਫ਼ ਕਾਰਵਾਈ ਦੀ ਸਿਫਾਰਸ਼ ਕਰਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਸਿਆਸੀ ਦਬਾਅ ਹੇਠ ਫਰਜ਼ਾਂ ਤੋਂ ਕੋਤਾਹੀ ਕੀਤੀ ਹੈ।

More News

NRI Post
..
NRI Post
..
NRI Post
..