ਰਈਆ : ਉੱਘੇ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਕੰਗ ਦੇ ਨਜ਼ਦੀਕੀ ਸਾਥੀ ਜਸਬੀਰ ਸਿੰਘ ਸੁਧਾਰ ਦਾ ਬੀਤੀ ਰਾਤ ਸਵਾ ਕੁ ਅੱਠ ਵਜੇਂ ਉਨ੍ਹਾਂ ਦੇ ਪਿੰਡ ਵਿਚ ਹੀ ਦੋ ਅਣਪਛਾਤਿਆਂ ਵਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਸ ਸਬੰਧੀ ਉਨ੍ਹਾਂ ਦੀ ਪਤਨੀ ਤੇ ਲੜਕੇ ਨੇ ਦੱਸਿਆ ਕਿ ਉਹ ਸ਼ਾਮ ਨੂੰ ਆਪਣੇ ਟਰੈਕਟਰ ਰਾਹੀਂ ਝੋਨੇ ਦੀ ਬਿਜਾਈ ਲਈ ਖੇਤ ਵਾਹ ਕੇ ਨੌਕਰਾਂ ਦੇਸ ਰਾਜ ਅਤੇ ਗੁਰਪ੍ਰੀਤ ਸਿੰਘ ਨਾਲ ਘਰ ਜਾ ਰਹੇ ਸਨ। ਰਸਤੇ ਵਿਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਉਨ੍ਹਾਂ ਦਾ ਟਰੈਕਟਰ ਰੋਕ ਕੇ ਨੇੜਿਓਂ ਗੋਲ਼ੀਆਂ ਮਾਰ ਦਿੱਤੀਆਂ।
ਗੋਲ਼ੀਆਂ ਉਨ੍ਹਾਂ ਦੇ ਮੱਥੇ 'ਚ ਅਤੇ ਦੋ ਬਾਹਵਾਂ 'ਤੇ ਲੱਗੀਆਂ ਜਿਸ ਕਾਰਨ ਉਹ ਟਰੈਕਟਰ ਦੇ ਸਟੇਅਰਿੰਗ 'ਤੇ ਹੀ ਡਿੱਗ ਗਏ। ਜਦੋਂ ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਰਸਤੇ ਵਿਚ ਹੀ ਦਮ ਤੋੜ ਦਿੱਤਾ। ਉਨ੍ਹਾਂ ਦੇ ਨਾਲ ਬੈਠਾ ਦੇਸ ਰਾਜ ਵੀ ਪੱਟ ਵਿਚ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੂੰ ਇਤਲਾਹ ਮਿਲਣ 'ਤੇ ਐੱਸਪੀ (ਡੀ) ਹਰਪਾਲ ਸਿੰਘ, ਗੁਰਵਿੰਦਰ ਸਿੰਘ ਡੀਐੱਸਪੀ ਬਾਬਾ ਬਕਾਲਾ, ਮੋਹਿਤ ਕੁਮਾਰ, ਐੱਸਐੱਚਓ ਬਿਆਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



