ਚੰਡੀਗੜ : ਕੇਂਦਰ ਸਰਕਾਰ ਨੇ ਕਾਲੀ ਸੂਚੀ ਵਿਚੋਂ ਪੰਜਾਬ ਨਾਲ ਸਬੰਧਿਤ 274 ਨਾਂ ਹਟਾ ਦਿੱਤੇ ਹਨ। ਪਹਿਲਾਂ ਇਸ ਸੂਚੀ ਵਿਚ 314 ਲੋਕਾਂ ਦੇ ਨਾਂ ਸਨ, ਹੁਣ ਸਿਰਫ਼ 40 ਨਾਂ ਹੀ ਰਹਿ ਗਏ ਹਨ। ਦੂਜੇ ਪਾਸੇ ਹੁਣ ਕਾਲੀ ਸੂਚੀ 'ਚ ਸ਼ਾਮਲ ਲੋਕਾਂ ਦੇ ਪਰਿਵਾਰ ਵੀ ਭਾਰਤ ਆ ਸਕਣਗੇ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਦਿੱਤੀ। ਉਨ੍ਹਾਂ ਨੇ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ।ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਨਾ ਸਿਰਫ਼ ਕਾਲੀ ਸੂਚੀ ਨੂੰ ਛੋਟਾ ਕੀਤਾ ਹੈ ਬਲਕਿ ਨਿਯਮਾਂ ਵਿਚ ਵੀ ਤਬਦੀਲੀ ਕੀਤੀ ਹੈ। ਸੁਖਬੀਰ ਨੇ ਦੱਸਿਆ ਕਿ ਇਕ ਸੂਚੀ ਕੇਂਦਰੀ ਗ੍ਰਹਿ ਮੰਤਰਾਲਾ ਬਣਾਉਂਦਾ ਸੀ ਤੇ ਇਕ ਸੂਚੀ ਵੱਖ-ਵੱਖ ਦੇਸ਼ਾਂ ਦੇ ਦੂਤਘਰ ਵੀ ਬਣਾਉਂਦੇ ਸਨ।
ਕੇਂਦਰ ਸਰਕਾਰ ਦੀ ਕਾਲੀ ਸੂਚੀ 'ਚ 314 ਨਾਂ ਸਨ ਜਦਕਿ ਦੂਤਘਰਾਂ ਦੀ ਸੂਚੀ ਕਾਫ਼ੀ ਲੰਬੀ ਹੁੰਦੀ ਸੀ। ਇਸ ਸੂਚੀ ਵਿਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕਰ ਲਿਆ ਜਾਂਦਾ ਸੀ ਜਿਨ੍ਹਾਂ ਨੇ ਵਿਦੇਸ਼ 'ਚ ਕੋਈ ਗੜਬੜ ਕੀਤੀ ਹੁੰਦੀ ਸੀ। ਬਾਦਲ ਨੇ ਦੱਸਿਆ ਕਿ ਇਸ ਬਾਰੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਦੂਤਘਰਾਂ ਦੀ ਸੂਚੀ ਨੂੰ ਖ਼ਾਰਜ ਕਰ ਦਿੱਤਾ ਹੈ। ਉਧਰ ਗ੍ਰਹਿ ਮੰਤਰਾਲੇ ਦੀ ਸੂਚੀ ਵਿਚੋਂ ਵੀ 274 ਨਾਂ ਹਟਾ ਦਿੱਤੇ ਗਏ ਹਨ।ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਕਾਲੀ ਸੂਚੀ 'ਚ ਸ਼ਾਮਲ ਵਿਅਕਤੀ ਦੇ ਪਰਿਵਾਰ ਵਾਲਿਆਂ ਨੂੰ ਵੀ ਭਾਰਤ ਆਉਣ ਦੀ ਇਜਾਜ਼ਤ ਨਹੀਂ ਸੀ। ਕੇਂਦਰ ਸਰਕਾਰ ਨੇ ਇਸ ਨਿਯਮ 'ਚ ਵੀ ਛੋਟ ਦੇ ਦਿੱਤੀ ਹੈ।
ਹੁਣ ਕਾਲੀ ਸੂਚੀ 'ਚ ਸ਼ਾਮਲ ਲੋਕਾਂ ਦੇ ਪਰਿਵਾਰ ਭਾਰਤ ਆ ਸਕਦੇ ਹਨ। ਉਨ੍ਹਾਂ ਨੇ ਨਿਯਮਾਂ ਵਿਚ ਤਬਦੀਲੀ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ 'ਚ ਰਹਿਣ ਵਾਲੇ ਪਰਵਾਸੀ ਭਾਰਤੀਆਂ ਦੀ ਇਹ ਬਹੁਤ ਪੁਰਾਣੀ ਮੰਗ ਸੀ ਜੋ ਹੁਣ ਪੂਰੀ ਹੋ ਹੋਈ ਹੈ। ਉਧਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 150 ਕੇਸ ਬੰਦ ਕਰ ਦਿੱਤੇ ਸਨ। ਉਨ੍ਹਾਂ ਨੂੰ ਹੁਣ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।ਦੇਸ਼ ਵਿਰੁੱਧ ਸਾਜ਼ਿਸ਼ ਰਚਨ ਜਾਂ ਦੇਸ਼ ਵਿਰੋਧੀ ਸਰਗਰਮੀਆਂ ਕਰਨ ਵਾਲੇ ਵਿਦੇਸ਼ 'ਚ ਬੈਠੇ ਲੋਕਾਂ ਦੇ ਨਾਂ ਕਾਲੀ ਸੂਚੀ ਵਿਚ ਸ਼ਾਮਲ ਹੁੰਦੇ ਹਨ। ਇਸ ਸੂਚੀ 'ਚ ਸ਼ਾਮਲ ਲੋਕਾਂ ਨੂੰ ਦੇਸ਼ 'ਚ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਹੈ। ਕੇਂਦਰ ਸਰਕਾਰ ਸਮੇਂ-ਸਮੇਂ 'ਤੇ ਇਸ ਸੂਚੀ ਦੀ ਸਮੀਖਿਆ ਕਰਦੀ ਰਹਿੰਦੀ ਹੈ। ਇਸ ਵਿਚ ਜ਼ਿਆਦਾਤਰ ਨਾਂ ਉਦੋਂ ਦੇ ਹਨ ਜਦੋਂ ਪੰਜਾਬ ਵਿਚ ਅੱਤਵਾਦ ਸਿਖਰ 'ਤੇ ਸੀ।



