ਚੰਡੀਗੜ : ਪੰਜਾਬ 'ਚ 50 ਹਜ਼ਾਰ ਦੇ ਇਨਾਮੀ ਬਦਮਾਸ਼ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਕਾਂਗਰਸ ਨੇ ਆਪਣੀ ਅਸਲੀਅਤ ਜਨਤਕ ਕਰ ਦਿੱਤੀ ਹੈ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਕਾਂਗਰਸ ਖੁੱਲ੍ਹੇਆਮ ਪੰਜਾਬ ਵਿੱਚ ਅਪਰਾਧੀਆਂ ਨੂੰ ਸ਼ਹਿ ਦੇ ਰਹੀ ਹੈ ।ਪੰਜਾਬ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਇਕ ਗੈਂਗਸਟਰ ਰਣਦੀਪ ਖਰੌੜ ਦੇ ਨਾਲ ਸਿਆਸੀ ਸਟੇਜ ਸਾਂਝੀ ਕਰਕੇ ਦੱਸ ਦਿੱਤਾ ਹੈ ਕਿ ਉਨ੍ਹਾਂ ਦੀ ਅਸਲੀਅਤ ਕੀ ਹੈ। ਚੀਮਾ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੀ ਤਰ੍ਹਾਂ ਮੌਜੂਦਾ ਕਾਂਗਰਸ ਸਰਕਾਰ ਵੀ ਅਪਰਾਧੀਆਂ ਨੂੰ ਸ਼ਹਿ ਦੇ ਰਹੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਕਾਨੂੰਨੀ ਪ੍ਰਬੰਧਾਂ ਦੇ ਹਾਲਾਤ ਬਹੁਤ ਮਾੜੇ ਹਨ, ਸਿਆਸੀ ਸ਼ਿਹ ਕਾਰਨ ਗੈਂਗਸਟਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੀਮਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਵਿਚ ਅਪਰਾਧੀਆਂ ਨੂੰ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਮਿਲੀ ਹੋਈ ਹੈ । ਕਾਂਗਰਸ ਦਾ ਹੱਥ ਅਪਰਾਧੀਆਂ ਦੇ ਨਾਲ ਹੈ, ਜੋ ਕਿ ਬਿਲਕੁਲ ਸਪਸ਼ਟ ਹੋ ਚੁੱਕਿਆ ਹੈ।ਇਸ 'ਤੇ ਹੈਰਾਨੀ ਜਤਾਉਂਦੇ ਹੋਏ ਚੀਮਾ ਨੇ ਕਿਹਾ ਕਿ ਇਕ ਗੈਂਗਸਟਰ ਜਿਸ ਦੇ ਉੱਤੇ ਡਕੈਤੀ, ਕਤਲ ਵਰਗੇ ਦਰਜਨਾਂ ਮੁਕੱਦਮੇ ਦਰਜ ਹੋਣ ਦੇ ਨਾਲ-ਨਾਲ ਉਸ 'ਤੇ 50,000 ਰੁਪਏ ਦਾ ਇਨਾਮ ਵੀ ਹੈ, ਉਸ ਨੂੰ ਕਾਂਗਰਸ ਵਿਚ ਸ਼ਾਮਲ ਕਰਨਾ ਬੇਹੱਦ ਸ਼ਰਮਨਾਕ ਹੈ। ਕਾਂਗਰਸ ਦੀ ਇਸ ਹਰਕਤ ਨਾਲ ਪੰਜਾਬ ਵਿਚ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।



