ਚੰਡੀਗੜ (ਇੰਦਰਜੀਤ ਸਿੰਘ ਚਾਹਲ) : ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਭੂ ਨੂੰ ਲਿਖੇ ਪੱਤਰ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਐੱਸਏਐੱਸ ਨਗਰ (ਮੋਹਾਲੀ) ਤੋਂ ਅੰਤਰਰਾਸ਼ਟਰੀ ਉਡਾਨਾਂ ਪਿਛਲੇ ਤਿੰਨ ਸਾਲਾਂ ਤੋਂ ਸ਼ੁਰੂ ਹਨ ਅਤੇ ਹੁਣ ਪਹਿਲੀ ਅਪ੍ਰੈਲ 2019 ਤੋਂ ਕੋਡ-4 ਈ ਸਟੇਟਸ ਪੱਧਰ ਉੱਚਾ ਹੋਣ ਨਾਲ ਵੱਡੇ ਹਵਾਈ ਜਹਾਜ਼ਾਂ ਲਈ 24 ਘੰਟੇ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਲਿਖਿਆ ਹੈ ਕਿ ਇੱਥੋਂ ਚਲਦੀਆਂ ਹਵਾਈ ਉਡਾਨਾਂ ਨਾ ਕੇਵਲ ਚੰਡੀਗੜ੍ਹ ਟਰਾਈ ਸਿਟੀ ਦੇ ਮੁਸਾਫਿਰਾਂ, ਸਗੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਦੇ ਅੰਤਰਰਾਸ਼ਟਰੀ ਹਵਾਈ ਮੁਸਾਫਿਰਾਂ ਦੀਆਂ ਲੋੜਾਂ ਵੀ ਪੂਰੀਆਂ ਕਰਦੀਆਂ ਹਨ।
ਮੌਜੂਦਾ ਸਮੇਂ ਇਹ ਹਵਾਈ ਅੱਡਾ ਏਸ਼ੀਆਈ ਦੇਸ਼ਾਂ ਲਈ ਸਿੱਧੀਆਂ ਉਡਾਣਾਂ ਦੇ ਅਸਮਰਥ ਹੈ, ਜਿਸ ਕਾਰਨ ਮੁਸਾਫਿਰਾਂ ਨੂੰ ਉਕਤ ਦੇਸ਼ਾਂ ਲਈ ਦਿੱਲੀ ਤੋਂ ਫਲਾਈਟ ਲੈਣੀ ਪੈਂਦੀ ਹੈ। ਏਸ਼ੀਆਈ ਦੇਸ਼ਾਂ ਲਈ ਭਾਰਤ ਸਰਕਾਰ ਦੀ ਓਪਨ ਸਕਾਈ ਨੀਤੀ ਹੇਠ 18 ਸ਼ਹਿਰਾਂ ਨੂੰ ਨੋਟੀਫਾਈ ਕੀਤਾ ਹੈ, ਜਿਨ੍ਹਾਂ ਵਿਚ ਚੰਡੀਗੜ੍ਹ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਤੱਥਾਂ ਵੱਲ ਧਿਆਨ ਦੇਣ ਲਈ ਕੇਂਦਰੀ ਮੰਤਰੀ ਨੂੰ ਅਪੀਲ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1 ਅਪ੍ਰੈਲ, 2019 ਤੋਂ ਏਸ਼ੀਆਈ ਦੇਸ਼ਾਂ ਲਈ ਏਅਰਲਾਈਨਜ਼ ਦੀਆਂ ਗਤੀਵਿਧੀਆਂ ਲਈ ਓਪਨ ਸਕਾਈ ਨੀਤੀ ਹੇਠ ਐੱਸਏਐੱਸ ਨਗਰ ਦੇ ਅੰਤਰਰਾਸ਼ਟਰੀ ਸਿਵਲ ਟਰਮੀਨਲ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਦੀ ਓਪਨ ਸਕਾਈ ਨੀਤੀ ਹੇਠ ਏਸ਼ੀਆਈ ਦੇਸ਼ਾਂ ਦੀਆਂ ਏਅਰ ਲਾਈਨਜ਼ ਦੀਆਂ ਗਤੀਵਿਧੀਆਂ ਲਈ ਨੋਟੀਫਾਈ ਕੀਤੇ ਸ਼ਹਿਰਾਂ ਦੀ ਸੂਚੀ 'ਚ ਚੰਡੀਗੜ੍ਹ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ।



