ਚੰਡੀਗੜ (ਇੰਦਰਜੀਤ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਦੇ ਬੇਹੱਦ ਸੰਵੇਦਨਸ਼ੀਲ ਮੁੱਦੇ 'ਤੇ ਸਿੱਖਾਂ ਨੂੰ ਭੰਬਲਭੂਸੇ 'ਚ ਪਾਉਣ ਲਈ ਰੋਜ਼ਾਨਾ ਬਦਲਵੇਂ ਬਿਆਨ ਦੇਣੇ ਬੰਦ ਕਰਨ।ਜਾਰੀ ਬਿਆਨ 'ਚ ਸੁਖਬੀਰ ਨੇ ਕਿਹਾ ਕਿ ਕੈਪਟਨ ਬੇਅਦਬੀ ਮੁੱਦੇ 'ਤੇ ਭੰਬਲਭੂਸਾ ਫਰਵਰੀ 2022 ਤਕ ਬਰਕਰਾਰ ਰੱਖਣਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੇ ਪੰਜ ਸਾਲਾ ਕਾਰਜਕਾਲ ਦੌਰਾਨ ਸਰਕਾਰ ਦੀਆਂ ਨਾਕਾਮੀਆਂ 'ਤੇ ਪਰਦਾ ਪਿਆ ਰਹੇ। ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਇਸ ਮੁੱਦੇ 'ਤੇ ਤਾਜ਼ਾ ਮਾਰੀ ਪਲਟੀ ਦਾ ਉਦੇਸ਼ ਇਕ ਦਿਨ ਪਹਿਲਾਂ ਰੋਜ਼ਾਨਾ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਤੋਂ ਮੁਕਰਨਾ ਸੀ, ਜਿਸ ਵਿਚ ਉਨ੍ਹਾਂ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀ ਆਗੂਆਂ ਖਾਸ ਕਰਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਤੇ ਦੋਸ਼ ਲਾਉਣਾ ਗ਼ਲਤ ਸੀ।
ਸੁਖਬੀਰ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਲੋਕਾਂ ਨੂੰ ਦੱਸਣ ਕਿ ਉਨ੍ਹਾਂ (ਕੈਪਟਨ) ਦੀ ਅਗਵਾਈ ਵਾਲੀ ਸਰਕਾਰ ਤੇ ਸਿੱਖ ਜਥੇਬੰਦੀਆਂ ਦਾ ਮੁਖੋਟਾ ਪਾਈ ਬੈਠੇ ਇਸ ਦੇ ਚਹੇਤਿਆਂ ਵੱਲੋਂ ਕੀਤੀ ਜ਼ੋਰਦਾਰ ਮੰਗ ਤੋਂ ਬਾਅਦ ਹੀ ਅਕਾਲੀ-ਭਾਜਪਾ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪਿਆ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਜੁਲਾਈ 'ਚ ਸਿੱਟ ਦੇ ਚੇਅਰਮੈਨ ਪ੍ਰਬੋਧ ਕੁਮਾਰ ਨੇ ਸੀਬੀਆਈ ਨੂੰ ਚਿੱਠੀ ਲਿਖ ਕੇ ਬੇਅਦਬੀ ਕੇਸਾਂ ਦੀ ਮੁੜ ਜਾਂਚ ਕਰਨ ਲਈ ਆਖਿਆ ਸੀ। ਉਨ੍ਹਾਂ ਕਿਹਾ ਕਿ ਇਹ ਚਿੱਠੀ ਡੀਜੀਪੀ ਦੀ ਸਹਿਮਤੀ ਨਾਲ ਭੇਜੀ ਗਈ ਸੀ।
ਸਿਰਫ ਇਹੀ ਨਹੀਂ, ਦੋ ਦਿਨ ਬਾਅਦ 31 ਜੁਲਾਈ ਨੂੰ ਮੁੱਖ ਮੰਤਰੀ ਨੇ ਸੀਬੀਆਈ ਨੂੰ ਬੇਅਦਬੀ ਕੇਸਾਂ ਦੀ ਮੁੜ ਜਾਂਚ ਲਈ ਆਖਿਆ ਸੀ, ਜੋ ਕਿ ਰਿਕਾਰਡ 'ਚ ਦਰਜ ਹੈ।1 ਅਗਸਤ ਨੂੰ ਐਡਵੋਕੇਟ ਜਨਰਲ ਨੇ ਇਸ ਦੇ ਖ਼ਿਲਾਫ਼ ਬਿਆਨ ਦਿੱਤਾ ਸੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਵਿਧਾਨ ਸਭਾ ਅੰਦਰ ਇਹ ਕਹਿੰਦਿਆਂ ਪਲਟੀ ਮਾਰੀ ਸੀ ਕਿ ਸੀਬੀਆਈ ਦਾ ਕੇਸ ਦੀ ਮੁੜ ਜਾਂਚ ਨਾਲ ਕੋਈ ਲੈਣਾ ਦੇਣਾ ਨਹੀਂ ਹੈ।



